nabaz-e-punjab.com

ਪਿੰਡ ਬੱਲੋਮਾਜਰਾ ਵਿੱਚ 20 ਕੁਇੰਟਲ 60 ਕਿੱਲੋ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਬਰਾਮਦ

ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਜਾਰੀ ਕੀਤੀਆਂ ਸਨ ਸਖ਼ਤ ਹਦਾਇਤਾਂ

ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਤਜਵੀਜ਼ ਕੈਬਨਿਟ ਮੀਟਿੰਗ ਵਿੱਚ ਰੱਖੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ ਵਿਕਾਸ ਬੋਰਡ, ਸਿਹਤ ਵਿਭਾਗ ਅਤੇ ਬਲੌਂਗੀ ਪੁਲੀਸ ਵੱਲੋਂ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਬਰੋਲੀ ਸਹਿਯੋਗ ਸਦਕਾ ਮੁਹਾਲੀ ਨੇੜਲੇ ਪਿੰਡ ਬੱਲੋਮਾਜਰਾ ਵਿੱਚ ਬਿਨਾਂ ਲਾਇਸੈਂਸ ਤੋਂ ਖਾਧ ਪਦਾਰਥ ਤਿਆਰ ਕਰਨ ਵਾਲੀ ਫੈਕਟਰੀ ਵਿਚ ਛਾਪਾਮਾਰੀ ਕੀਤੀ। ਜਿਸ ਦੌਰਾਨ 2,060 ਕਿੱਲੋ ਨਕਲੀ ਪਨੀਰ 89 ਕਿੱਲੋ ਮੱਖਣ, ਦੇਸੀ ਘਿਓ, ਕਰੀਮ 10 ਕਿਲੋ ਅਤੇ 3,375 ਕਿਲੋ ਸਕਿਮ ਮਿਲਕ ਪਾਊਡਰ, 120 ਲੀਟਰ ਸਲਫਿਊਰਿਕ ਐਸਿਡ ਬਰਾਮਦ ਕੀਤਾ ਅਤੇ ਇਸ ਗੋਰਖ ਧੰਦੇ ਨੂੰ ਚਲਾਉਣ ਵਾਲੇ ਅਸ਼ੋਕ ਕੁਮਾਰ ਵਾਸੀ ਮੌਲੀ ਜੱਗਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਵਿਰੁੱਧ ਬਲੌਂਗੀ ਥਾਣੇ ਵਿੱਚ ਧਾਰਾ 272/273 ਅਤੇ 420 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਅਸ਼ੋਕ ਕੁਮਾਰ ਕੋਲੋਂ ਇਸ ਗੋਰਖਧੰਦੇ ਵਿੱਚ ਸ਼ਾਮਲ ਹੋਰਨਾਂ ਦਾ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਪਿੰਡ ਬੱਲੋਮਾਜਰਾ ਵਿਖੇ ਤਿਆਰ ਕੀਤੇ ਜਾਂਦੇ ਨਕਲੀ ਪਨੀਰ, ਘਿਓ ਅਤੇ ਹੋਰ ਖਾਧ ਪਦਾਰਥ ਚੰਡੀਗੜ੍ਹ ਸਮੇਤ ਖਰੜ, ਕੁਰਾਲੀ, ਐਸ.ਏ.ਐਸ. ਨਗਰ, ਡੇਰਾਬਸੀ, ਰਾਜਪੁਰਾ ਅਤੇ ਹੋਰ ਨੇੜਲੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਪਲਾਈ ਕੀਤੇ ਜਾਂਦੇ ਸਨ। ਇੱਥੇ ਇਹ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ’ਚ ਹੋਰਨਾਂ ਥਾਵਾਂ ਤੇ ਵੀ ਨਕਲੀ ਪਨੀਰ, ਘਿਓ ਅਤੇ ਹੋਰ ਖਾਧ ਪਦਾਰਥ ਵੱਡੀ ਮਾਤਰਾ ਵਿੱਚ ਫੜੇ ਗਏ ਸਨ। ਜਿਨ੍ਹਾਂ ਦਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ: ਸਿੱਧੂ ਵੱਲੋਂ ਸਖਤ ਨੋਟਿਸ ਲਿਆ ਸੀ ਅਤੇ ਉਨ੍ਹਾਂ ਵਲੋਂ ਡੇਅਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੌਕਸੀ ਵਰਤਣ ਦੇ ਨਾਲ-ਨਾਲ ਅਚਾਨਕ ਛਾਪਾਮਾਰੀ ਅਤੇ ਮਿਲਵਟਖੋਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਦਿੱਤੀਆਂ ਸਨ ਤਾਂ ਜੋ ਮਿਲਾਵਟਖੋਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਕੈਬਨਿਟ ਦੀ ਮੀਟਿੰਗ ਵਿੱਚ ਵੀ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਤਜ਼ਵੀਜ ਰੱਖੀ ਗਈ ਤਾਂ ਜੋ ਮਿਲਾਵਟਖੋਰਾਂ ਨੂੰ ਸਲਾਖਾਂ ਅੰਦਰ ਬੰਦ ਕੀਤਾ ਜਾ ਸਕੇ। ਮੰਤਰੀ ਨੇ ਮਿਲਾਵਟਖੋਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਮਿਲਾਵਟਖੋਰੀ ਦਾ ਧੰਦਾ ਛੱਡ ਦੇਣ ਨਹੀਂ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅੱਜ ਤੜਕਸਾਰ ਹੋਈ ਛਾਪਾਮਾਰੀ ਵਿੱਚ ਪ੍ਰੋਗਰੈਸਿਵ ਡੇਅਰੀ ਫਾਰਮ ਐਸੋਸੀਏਸ਼ਨ (ਪੰਜਾਬ) ੇ ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਸੁਖਦੇਵ ਸਿੰਘ, ਕਿਸਾਨ ਪ੍ਰਮਿੰਦਰ ਸਿੰਘ ਢੰਗਰਾਲੀ, ਅਮਿਤ ਠਾਕੁਰ ਗਿੱਦੜਬਾਹਾ, ਸਤਿੰਦਰ ਸਿੰਘ ਮਡੌਲੀ ਕਲਾਂ, ਨਰਿੰਦਰ ਸਿੰਘ ਘੜੂੰਆਂ ਅਤੇ ਪਿੰਡ ਬੱਲੋਮਾਜਰਾ ਦੇ ਵਾਸੀਆਂ ਨੇ ਵੀ ਸਹਿਯੋਗ ਦਿੱਤਾ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਛਾਪਾਮਾਰੀ ਟੀਮ ਕਾਰਜਕਾਰੀ ਅਫਸਰ ਡੇਅਰੀ ਵਿਕਾਸ ਬੋਰਡ ਮੋਹਾਲੀ ਵਿਚ ਸੇਵਾ ਸਿੰਘ, ਜ਼ਿਲ੍ਹਾ ਸਿਹਤ ਅਫਸਰ ਰਾਜਵੀਰ ਸਿੰਘ ਕੰਗ, ਫੂਡ ਸੇਫਟੀ ਅਫਸਰ ਅਨਿੱਲ ਕੁਮਾਰ , ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਊਧਮ ਸਿੰਘ, ਐਮ.ਐਮ. ਪੀ. ਗੁਰਦੇਵ ਸਿੰਘ, ਮੁੱਖ ਥਾਣਾ ਅਫਸਰ ਬਲੌਗੀ ਮਨਫੂਲ ਸਿੰਘ, ਏ.ਐਸ.ਆਈ. ਦਿਲਬਾਸ ਸਿੰਘ ਅਤੇ ਗੁਰਵਰਿਆਮ ਸਿੰਘ ਸ਼ਾਮਲ ਸਨ।
(ਬਾਕਸ ਆਈਟਮ)
ਬਲੌਂਗੀ ਥਾਣੇ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਹਾਲਾਂਕਿ ਫੈਕਟਰੀ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਪੰ੍ਰਤੂ ਛਾਪੇਮਾਰੀ ਦੌਰਾਨ ਸਾਰੇ ਸੀਸੀਟੀਵੀ ਕੈਮਰੇ ਬੰਦ ਸੀ। ਫੈਕਟਰੀ ਵਿੱਚ ਸਿਰਫ਼ ਇੱਕ ਕਰਮਚਾਰੀ ਹੀ ਮੌਜੂਦ ਸੀ। ਪਹਿਲਾਂ ਤਾਂ ਉਹ ਕੁਝ ਵੀ ਦੱਸਣ ਤੋਂ ਇਨਕਾਰੀ ਸੀ ਪ੍ਰੰਤੂ ਜਦੋਂ ਥੋੜ੍ਹੀ ਸਖ਼ਤੀ ਵਰਤੀ ਤਾਂ ਝੱਟ ਸਾਰਾ ਕੁਝ ਦੱਸ ਦਿੱਤਾ। ਬਾਅਦ ਵਿੱਚ ਫੈਕਟਰੀ ਮਾਲਕ ਅਸ਼ੋਕ ਕੁਮਾਰ ਵੀ ਉੱਥੇ ਪਹੁੰਚ ਗਿਆ। ਜਿਸ ਦਾ ਕਹਿਣਾ ਸੀ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਦੁੱਧ ਨਾਲ ਮਿਆਰੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਜਾਂਚ ਦੌਰਾਨ ਫੈਕਟਰੀ ਵਿੱਚ ਇੱਕ ਲੀਟਰ ਵੀ ਦੁੱਧ ਨਹੀਂ ਮਿਲਿਆ ਜਦੋਂਕਿ ਵੱਡੀ ਮਾਤਰਾ ਵਿੱਚ ਸੁੱਕਾ ਪਿਆ ਸੀ। ਤਾਜ਼ਾ ਦੁੱਧ ਬਾਰੇ ਫੈਕਟਰੀ ਮਾਲਕ ਨੇ ਦੱਸਿਆ ਕਿ ਦੁੱਧ ਦੀ ਸਪਲਾਈ ਦੇਣ ਵਾਲਾ ਰਸਤੇ ਵਿੱਚ ਆ ਰਿਹਾ ਹੈ ਪ੍ਰੰਤੂ ਸਵੇਰੇ ਤੜਕੇ ਦਾ ਚੱਲਿਆ ਤਾਜ਼ੇ ਦੁੱਧ ਦੀ ਸਪਲਾਈ ਵਾਲਾ ਵਾਹਨ ਸ਼ਾਮ ਤੱਕ ਨਹੀਂ ਪਹੁੰਚ ਸਕਿਆ। ਥਾਣਾ ਮੁਖੀ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਅਤੇ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਤੋਂ ਪੁੱਛਗਿੱਛ ਕਰਕੇ ਦੁੱਧ ਦੀ ਸਪਲਾਈ ਦੇਣ ਅਤੇ ਨਕਲੀ ਮਾਲ ਤਿਆਰ ਦੇ ਇਸ ਗੋਰਖਧੰਦੇ ਵਿੱਚ ਸ਼ਾਮਲ ਲੋਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੂੰ ਬਾਅਦ ਵਿੱਚ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਨੂੰ ਭਲਕੇ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…