Share on Facebook Share on Twitter Share on Google+ Share on Pinterest Share on Linkedin ਸੇਵਾਮੁਕਤ ਅਧਿਕਾਰੀ ਦੇ ਸੁੰਨੇ ਘਰ ਦੇ ਤਾਲੇ ਤੋੜ ਕੇ 20 ਹਜ਼ਾਰ ਦੀ ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਸੇਵਾਮੁਕਤ ਬਜ਼ੁਰਗ ਜੋੜਾ ਦੋ ਦਿਨਾਂ ਤੋਂ ਅੰਮ੍ਰਿਤਸਰ ਗਿਆ ਹੋਇਆ ਸੀ, ਪਿੱਛੋਂ ਸੁੰਨੇ ਘਰ ਵਿੱਚ ਚੋਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਿਛਲੇ ਕੁਝ ਦਿਨਾਂ ਤੋਂ ਅਣਪਛਾਤੇ ਚੋਰਾਂ ਵੱਲੋਂ ਸੁੰਨੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੋਂ ਦੇ ਫੇਜ਼-2 ਵਿੱਚ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਚੋਰਾਂ ਨੇ ਇੱਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਾਫੀ ਕੀਮਤੀ ਸਮਾਨ ਚੋਰੀ ਕਰ ਲਿਆ। ਗੁਆਂਢੀਆਂ ਦੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਅਦਾਰੇ ਸੈਮੀ ਕੰਡਕਟਰ ’ਚੋਂ ਸੇਵਾਮੁਕਤ ਸੀਨੀਅਰ ਮੈਨੇਜਰ ਮਨਮੋਹਨ ਸਿੰਘ ਅਤੇ ਉਸ ਦੀ ਸੇਵਾਮੁਕਤ ਅਧਿਆਪਕ ਪਤਨੀ ਜਸਵਿੰਦਰ ਕੌਰ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਗਏ ਸੀ ਕਿ ਪਿੱਛੋਂ ਚੋਰੀ ਹੋ ਗਈ। ਚੋਰ ਉਨ੍ਹਾਂ ਦੇ ਘਰ ’ਚੋਂ 20 ਹਜ਼ਾਰ ਰੁਪਏ ਨਗਦੀ ਅਤੇ ਕਾਫੀ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੇਰ ਸ਼ਾਮ ਜਿਵੇਂ ਹੀ ਮਨਮੋਹਨ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਵਾਪਸ ਘਰ ਪਰਤੇ ਤਾਂ ਮਕਾਨ ਦੇ ਤਾਲੇ ਟੁੱਟੇ ਦੇਖ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ‘ਟ੍ਰਿਬਿਊਨ ਸਮੂਹ’ ਦੀ ਸਾਬਕਾ ਸੀਨੀਅਰ ਪੱਤਰਕਾਰ ਸ੍ਰੀਮਤੀ ਕੁਲਵਿੰਦਰ ਕੌਰ ਸਾਂਘਾ ਨੇ ਇਨਸਾਨੀਅਤ ਦੇ ਨਾਤੇ ਤੁਰੰਤ ਫੋਨ ’ਤੇ ਮੁਹਾਲੀ ਪੁਲੀਸ ਨੂੰ ਚੋਰੀ ਦੀ ਘਟਨਾ ਸਬੰਧੀ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਫੇਜ਼-1 ਥਾਣੇ ’ਚੋਂ ਇੱਕ ਏਐਸਆਈ ਬਲਦੇਵ ਸਿੰਘ ਅਤੇ ਹੌਲਦਾਰ ਰਾਜ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਚੋਰੀ ਹੋਏ ਸਮਾਨ ਦੀ ਡਿਟੇਲ ਦੇਣ ਲਈ ਕਿਹਾ ਗਿਆ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਪੁਲੀਸ ਨੂੰ ਐਤਵਾਰ ਰਾਤੀ ਕਰੀਬ ਪੌਣੇ 9 ਵਜੇ ਇਤਲਾਹ ਮਿਲੀ ਸੀ ਅਤੇ ਸੂਚਨਾ ਮਿਲਦੇ ਹੀ ਤੁਰੰਤ ਜਾਂਚ ਟੀਮ ਨੂੰ ਜਾਇਜ਼ਾ ਲੈਣ ਲਈ ਮੌਕੇ ’ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰਕੇ ਚੋਰਾਂ ਬਾਰੇ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ