
ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 21 ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ
ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਨੁੱਖੀ ਸੰਪਰਕ ਦੀ ਲੜੀ ਤੋੜਨੀ ਲਾਜ਼ਮੀ: ਡੀਸੀ ਦਿਆਲਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਸਮੁੱਚੇ ਜ਼ਿਲ੍ਹੇ ਵਿੱਚ ਮੰਗਲਵਾਰ ਕਰੋਨਾਵਾਇਰਸ ਦੇ 21 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 444 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚ 158 ਨਵੇਂ ਕੇਸ ਐਕਟਿਵ ਹਨ। ਪਿਛਲੇ ਤਿੰਨ ਦਿਨਾਂ ਵਿੱਚ 78 ਨਵੇਂ ਕੇਸ ਸਾਹਮਣੇ ਆਉਣ ਨਾਲ ਫਿਰ ਤੋਂ ਇਲਾਕੇ ਦੇ ਲੋਕ ਕਾਫੀ ਭੈਅ-ਭੀਤ ਹਨ। ਇਸੇ ਦੌਰਾਨ ਦੋ ਮਰੀਜ਼ਾਂ ਦੀ ਮੌਤ ਹੋ ਗਈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ 21 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 2 ਮਰੀਜ ਠੀਕ ਹੋ ਗਏ ਹਨ ਅਤੇ ਜਿਨ੍ਹਾਂ ਦੋ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਪਹਿਲਾਂ ਤੋਂ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। ਇਨ੍ਹਾਂ ’ਚੋਂ ਇਕ 65 ਸਾਲ ਦਾ ਬਜ਼ੁਰਗ ਨਿਊ ਚੰਡੀਗੜ੍ਹ ਦਾ ਵਸਨੀਕ ਹੈ, ਜੋ ਪੀਜੀਆਈ ਵਿੱਚ ਜੇਰੇ ਇਲਾਜ ਸੀ। ਨਵੇਂ ਮਰੀਜ਼ਾਂ ਵਿੱਚ ਇੱਥੋਂ ਦੇ ਸੈਕਟਰ-68 ਦਾ 56 ਸਾਲ ਪੁਰਸ਼ ਅਤੇ ਫੇਜ਼-9 ਦੀ 22 ਸਾਲਾ ਅੌਰਤ ਅਤੇ ਫੇਜ਼-4 ਤੋਂ 30 ਸਾਲ ਦੀ ਅੌਰਤ ਸਮੇਤ 1,3 ਅਤੇ 4 ਸਾਲ ਦੇ ਤਿੰਨੇ ਬੱਚਿਆਂ (ਲੜਕੇ) ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਪੀਰ ਮੁਛੱਲਾ ਤੋਂ ਇਕ, ਢਕੋਲੀ ਤੋਂ ਦੋ, ਡੇਰਾਬੱਸੀ ਤੋਂ ਤਿੰਨ, ਜਵਾਹਰਪੁਰ ਤੋਂ ਇਕ, ਖਰੜ ’ਚੋਂ ਪੰਜ ਵਿਅਕਤੀ ਕਰੋਨਾ ਪੀੜਤ ਮਿਲੇ ਹਨ।
ਡੀਸੀ ਦਿਆਲਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 444 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 279 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 158 ਹੋ ਗਈ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਰੋਨਾਵਾਇਰਸ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਨੁੱਖੀ ਸੰਪਰਕ ਦੀ ਲੜੀ ਤੋੜਨੀ ਲਾਜ਼ਮੀ ਹੈ। ਸੇਫ਼ਟੀ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਹਲੇ ਘੁੰਮਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੇਫ਼ਟੀ ਪ੍ਰੋਟੋਕਾਲ ਲਾਗੂ ਕਰਨ ਵਾਲੀਆਂ ਟੀਮਾਂ ਸਿਰਫ਼ ਚਿਤਾਵਨੀਆਂ ਨਹੀਂ ਦੇਣਗੀਆਂ ਅਤੇ ਉਨ੍ਹਾਂ ਦੀ ਕਾਰਵਾਈ ਚਲਾਨ ਕਰਨ ਤੱਕ ਸੀਮਤ ਨਹੀਂ ਰਹੇਗੀ ਬਲਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਭੰਗ ਕਰਨ ਵਾਲਿਆਂ ਵਿਰੁੱਧ ਥਾਣਿਆਂ ਵਿੱਚ ਪੁਲੀਸ ਕੇਸ ਦਰਜ ਕੀਤੇ ਜਾਣਗੇ। ਲੋਕਾਂ ਨੂੰ ਆਪਣੀ ਆਵਾਜਾਈ ਨਿਯੰਤਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ੍ਰੀ ਦਿਆਲਨ ਨੇ ਅਪੀਲ ਕੀਤੀ ਕਿ ਅਤਿ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਮੂੰਹ ’ਤੇ ਮਾਸਕ ਪਾਉਣ ਨਾ ਭੁਲਿਆ ਜਾਵੇ।