
21 ਉੱਦਮੀ ਅੌਰਤਾਂ ਦਾ ‘ਦਿਸ਼ਾ ਇੰਡੀਅਨ ਐਵਾਰਡ’ ਐਵਾਰਡ ਨਾਲ ਸਨਮਾਨ
ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤੀ ਸ਼ਿਰਕਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਅੌਰਤਾਂ ਦੇ ਹੱਕਾਂ ਤੇ ਅਧਿਕਾਰਾਂ ਲਈ ਸੰਘਰਸ਼ਸ਼ੀਲ ਸੰਸਥਾ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੀਆਂ 21 ਉੱਦਮੀ ਅੌਰਤਾਂ ਨੂੰ ‘ਦਿਸ਼ਾ ਇੰਡੀਅਨ ਐਵਾਰਡ-2023’ ਨਾਲ ਸਨਮਾਨਿਤ ਕੀਤਾ ਗਿਆ। ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮੰਚ ਸੰਚਾਲਨ ਉੱਘੀ ਗਾਇਕਾ ਅਤੇ ਐਂਕਰ ਆਰ ਦੀਪ ਰਮਨ ਨੇ ਕੀਤਾ।
ਇਸ ਮੌਕੇ ਬੋਲਦਿਆਂ ਮਨਪ੍ਰੀਤ ਕੌਰ ਨੇ ਦਿਸ਼ਾ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਅੌਰਤ ਨੂੰ ਆਪਣੇ ਘਰ ਪਰਿਵਾਰ ਵਿੱਚ ਪੂਰਾ ਸਤਿਕਾਰ ਮਿਲਦਾ ਹੈ ਤਾਂ ਉਸ ਨੂੰ ਸਮਾਜ ਦੀ ਬਿਹਤਰੀ ਲਈ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੌਰਤਾਂ ਦੀ ਹੌਸਲਾ ਅਫਜਾਈ ਅਤੇ ਹੱਲਾਸ਼ੇਰੀ ਲਈ ਅਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅੌਰਤਾਂ ਕਈ ਖੇਤਰਾਂ ਵਿੱਚ ਪੁਰਸ਼ਾਂ ਤੋਂ ਅੱਗੇ ਲੰਘ ਗਈਆਂ ਹਨ ਅਤੇ ਵਿਕਾਸ ਤੇ ਸਮਾਜਿਕ ਕੰਮਾਂ ਵਿੱਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਰਹੀਆਂ ਹਨ। ਇਸ ਮੌਕੇ ਜਗਦੀਪ ਰਾਣਾ, ਲਖਵੀਰ ਸਿੰਘ ਭੁੱਲਰ, ਕੁਲਦੀਪ ਕੌਰ ਕੰਗ, ਨਰਿੰਦਰ ਕੌਰ ਸੋਨੀਆ, ਪੱਤਰਕਾਰ ਪ੍ਰਿਅੰਕਾ ਮਿਲੂ, ਗਾਇਕਾ ਸੁਨੀਤਾ ਭੱਟੀ, ਐਸਿਡ ਵਿਕਟਮ ਕ੍ਰਿਸ਼ਨਾ, ਹਰਜਿੰਦਰ ਕੌਰ, ਜਸਵਿੰਦਰ ਕੌਰ ਦਰਦੀ, ਡਾ. ਇੰਦਰਜੀਤ ਕੌਰ ਅਤੇ ਕੁਲਦੀਪ ਕੌਰ ਨੂੰ ‘ਦਿਸਾ ਇੰਡੀਅਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਮਲੈਂਡ ਸੁਸਾਇਟੀ ਦੇ ਐਮਡੀ ਉਮੰਗ ਜਿੰਦਲ ਦਾ ਵੀ ਸਨਮਾਨ ਕੀਤਾ ਗਿਆ। ਅਖੀਰ ਵਿੱਚ ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਸਾਰਿਆਂ ਦਾ ਧੰਨਵਾਦ ਕੀਤਾ।