
ਸੀਜੀਸੀ ਕਾਲਜ ਲਾਂਡਰਾਂ ਵਿਖੇ 21ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ 21ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਾਲਜ ਦੇ ਵਿਹੜੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਪ੍ਰੋਗਰਾਮ ਦੌਰਾਨ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਸਮੇਤ ਸਮੂਹ ਅਧਿਕਾਰੀ, ਫੈਕਲਟੀ ਅਤੇ ਹੋਰ ਸਟਾਫ਼ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਪ੍ਰਮਾਤਮਾ ਦੀ ਅਸੀਸ ਪ੍ਰਾਪਤ ਕੀਤੀ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਸਮੁੱਚੇ ਸੀਜੀਸੀ ਪਰਿਵਾਰ ਨੂੰ ਨਵੀਂ ਸ਼ੁਰੂਆਤ ਲਈ ਸ਼ੱੁਭਕਾਮਨਾਵਾਂ ਦਿੰਦੇ ਹੋਏ ਸਿੱਖਿਆ ਪ੍ਰਣਾਲੀ ਦੇ ਮੌਜੂਦਾ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 21ਵੇਂ ਅਕਾਦਮਿਕ ਸੈਸ਼ਨ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਫਕੈਲਟੀ ਮੈਂਬਰਾਂ ਦੀ ਅਧਿਆਪਨ ਪੱਖੋਂ ਭੂਮਿਕਾ ਅਹਿਮ ਹੋਵੇਗੀ ਕਿਉਂਕਿ ਪਿਛਲੇ ਲਗਪਗ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਦੇ ਪ੍ਰਕੋਪ ਨੇ ਸਿੱਖਿਆ ਸੈਕਟਰ ਸਮੇਤ ਸਾਰੇ ਵਰਗਾਂ ਨੂੰ ਬਹੁਤ ਵੱਡੀ ਮਾਰ ਪਾਈ ਹੈ।
ਸ੍ਰੀ ਸਤਨਾਮ ਸੰਧੂ ਨੇ ਕਿਹਾ ਕਿ ਸੀਜੀਸੀ ਲਾਂਡਰਾਂ ਦੀ ਟੀਮ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਪ੍ਰਦਾਨ ਕਰਨ ਵਿੱਚ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਨਵੀਂ ਸਿੱਖਿਆ ਨੀਤੀ (ਐਨਈਪੀ) ਦੀ ਸ਼ੁਰੂਆਤ ਨਾਲ ਸਾਨੂੰ ਆਪਣੇ ਆਪ ਨੂੰ ਬਦਲਦੀਆਂ ਜ਼ਰੂਰਤਾਂ ਅਨੁਸਾਰ ਢਾਲਣ ਲਈ ਦ੍ਰਿੜ ਰਹਿਣਾ ਪਏਗਾ ਤਾਂ ਜੋ ਅਸੀਂ ਇਸ ਨਵੀਂ ਨੀਤੀ ਅਨੁਸਾਰ ਆਪਣੀਆਂ ਕੋਸ਼ਿਸ਼ਾਂ ਨੂੰ ਇਕਸਾਰ ਕਰ ਸਕੀਏ ਅਤੇ ਵਿਦਿਆਰਥੀ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।