
ਇਤਿਹਾਸਕ ਨਗਰ ਸੋਹਾਣਾ ਵਿੱਚ 21ਵਾਂ ਕਬੱਡੀ ਕੱਪ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ
ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕੀਤਾ ਉਦਘਾਟਨ, ਜੇਤੂਆਂ ਨੂੰ ਇਨਾਮ ਵੰਡੇ
ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਬੈਦਵਾਨ ਸਪੋਰਟਸ ਕਲੱਬ ਸੋਹਾਣਾ ਵੱਲੋਂ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦਗਾਰ ਨੂੰ ਸਮਰਪਿਤ 21ਵਾਂ ਕਬੱਡੀ ਕੱਪ ਪਿੰਡ ਸੋਹਾਣਾ ਵਿਖੇ ਅੱਜ ਪੂਰੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਤਿੰਨ ਦਿਨਾਂ ਚੱਲਣ ਵਾਲੇ ਇਸ ਕਬੱਡੀ ਕੱਪ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕੀਤਾ। ਜਥੇਦਾਰ ਕੁੰਭੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਲੋਕਪ੍ਰਿਅਤਾ ਵਧੀ ਹੈ। ਸਰਕਾਰ ਵੱਲੋਂ ਪਾਈ ਪਿਰਤ ਦਾ ਹੀ ਇਹ ਨਤੀਜਾ ਹੈ ਕਿ ਅੱਜ ਪਿੰਡ-ਪਿੰਡ ਕਬੱਡੀ ਖੇਡੀ ਜਾਣ ਲੱਗੀ ਹੈ ਅਤੇ ਯੂਥ ਨਸ਼ਿਆਂ ਤੋਂ ਬਚਿਆ ਹੋਇਆ ਹੈ। ਉਨ੍ਹਾਂ ਵੱਧ ਤੋਂ ਵੱਧ ਯੂਥ ਨੂੰ ਖੇਡਾਂ ਨਾਲ ਜੁੜਨ ਲਈ ਵੀ ਕਿਹਾ ਅਤੇ ਬੈਦਵਾਨ ਸਪੋਰਟਸ ਕਲੱਬ ਸੋਹਾਣਾ ਵੱਲੋਂ ਕਰਵਾਏ ਗਏ ਕਬੱਡੀ ਕੱਪ ਦੀ ਪ੍ਰਸੰਸਾਂ ਵੀ ਕੀਤੀ।
ਲੇਬਰਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਤੇ ਅਕਾਲੀ ਕੌਂਸਲਰ ਪਰਮਿੰਦਰ ਸੋਹਾਣਾ ਦੀ ਸਰਪ੍ਰਸਤੀ ਅਤੇ ਕਲੱਬ ਦੇ ਪ੍ਰਧਾਨ ਦਿਨੇਸ਼ ਚੌਧਰੀ, ਕੈਸ਼ੀਅਰ ਮਹਿੰਦਰ ਸਿੰਘ ਅਤੇ ਹੋਰ ਸਾਰੇ ਕਲੱਬ ਅਹੁਦੇਦਾਰਾਂ ਹਰਵਿੰਦਰ ਸਿੰਘ ਨੰਬਰਦਾਰ, ਦਲਜੀਤ ਸਿੰਘ, ਜਗਦੀਸ਼ ਸਿੰਘ ਅਤੇ ਮੈਂਬਰਾਂ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਸ ਕਬੱਡੀ ਕੱਪ ਵਿੱਚ 65 ਤੋਂ 70 ਟੀਮਾਂ ਭਾਗ ਲੈ ਰਹੀਆਂ ਹਨ। ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮਾਂ ਲਈ ਪਹਿਲਾ ਇਨਾਮ 71 ਹਜ਼ਾਰ ਰੁਪਏ ਜਦੋਂ ਕਿ ਦੂਸਰਾ ਇਨਾਮ 51 ਹਜ਼ਾਰ ਰੁਪਏ ਰੱਖਿਆ ਗਿਆ ਹੈ। ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਇੱਕ ਪਿੰਡ ਓਪਨ ਦੀ ਟਰਾਫ਼ੀ ਸ਼ਹੀਦ ਜਰਨੈਲ ਸਿੰਘ ਦੀ ਯਾਦ ਵਿੱਚ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 70 ਕਿਲੋ ਦੇ ਬੈੱਸਟ ਰੇਡਰ ਜਾਫੀ ਨੂੰ 20-20 ਕਿੱਲੋ ਬਦਾਮ ਦਿੱਤੇ ਜਾਣਗੇ।