
ਹੋਲੀ ਦੌਰਾਨ ਵੱਖ-ਵੱਖ ਸੜਕ ਹਾਦਸਿਆਂ ਵਿੱਚ 22 ਜ਼ਖ਼ਮੀ, 2 ਦੀ ਮੌਤ
ਪਿੰਡ ਸੋਹਾਣਾ ਵਿੱਚ ਮਰੇ ਹੋਏ ਜਾਨਵਰਾਂ ਦੀ ਹੱਡਾ ਰੋੜੀ ਨਾਲ ਖੇਡੀ ਹੋਲੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਮੁਹਾਲੀ ਅਤੇ ਆਸ-ਪਾਸ ਪਿੰਡਾਂ ਵਿੱਚ ਆਮ ਲੋਕਾਂ ਅਤੇ ਨੌਜਵਾਨਾਂ ਨੇ ਬੜੇ ਚਾਵਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਸ਼ਹਿਰੀ ਖੇਤਰ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਖੂਬ ਮਸਤੀ ਕੀਤੀ। ਇਕ ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀ ਵਧਾਈ ਦਿੱਤੀ। ਉਧਰ, ਇਤਿਹਾਸਕ ਪਿੰਡ ਸੋਹਾਣਾ ਵਿੱਚ ਗੁਲਾਲ ਦੀ ਥਾਂ ਗੰਦਗੀ ਅਤੇ ਹੱਡਾ-ਰੋੜੀ ਅਤੇ ਮੁਰਦਿਆਂ ਦੀ ਰਾਖ ਨਾਲ ਹੋਲੀ ਖੇਡੀ ਗਈ। ਪਿੰਡ ਵਿੱਚ ਸ਼ਰਾਰਤੀ ਅਨਸਰਾਂ ਨੇ ਸ਼ਰੇਆਮ ਹੁੱਲੜਬਾਜ਼ੀ ਕਰਦਿਆਂ ਲੋਕਾਂ ’ਤੇ ਨਾਲੀਆਂ ਦਾ ਚਿੱਕੜ ਸੁੱਟਿਆ। ਜਿਸ ਕਾਰਨ ਡਰਦੇ ਮਾਰੇ ਲੋਕ ਘਰਾਂ ’ਚੋਂ ਬਾਹਰ ਨਹੀਂ ਨਿਕਲੇ।
ਪਿੰਡ ਦੇ ਵਸਨੀਕ ਅਤੇ ਸੀਨੀਅਰ ਅਕਾਲੀ ਆਗੂ ਪਰਵਿੰਦਰ ਸਿੰਘ ਬੈਦਵਾਨ ਅਤੇ ਨੰਬਰਦਾਰ ਹਰਵਿੰਦਰ ਸਿੰਘ ਨੇ ਕਿਹਾ ਕਿ ਐਤਕੀਂ ਮੁਹਾਲੀ ਪ੍ਰਸ਼ਾਸਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪਤਿਆਉਣ ਕਾਰਨ ਇਸ ਵਾਰ ਸੋਹਾਣਾ ਵਿੱਚ ਪਹਿਲਾਂ ਦੇ ਮੁਕਾਬਲੇ ਗੰਦਗੀ ਅਤੇ ਹੱਡਾ ਰੋੜੀ ਨਾਲ ਹੋਲੀ ਖੇਡਣ ਦੇ ਰੁਝਾਨ ਵਿੱਚ ਕਾਫ਼ੀ ਹੱਦ ਤੱਕ ਕਮੀ ਆਈ ਹੈ। ਲੇਕਿਨ ਹਾਲੇ ਵੀ ਪਿੰਡ ਵਾਸੀਆਂ ਨੂੰ ਹੋਰ ਜਾਗਰੂਕ ਕਰਨ ਦੀ ਸਖ਼ਤ ਲੋੜ ਹੈ।
ਉਧਰ, ਹੌਲੀ ਦੌਰਾਨ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਕੇ ਕਰੀਬ 22 ਵਿਅਕਤੀ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਪਹੁੰਚੇ। ਜਦੋਂਕਿ ਸੋਹਾਣਾ ਥਾਣਾ ਦੇ ਖੇਤਰ ਵਿੱਚ ਦੋ ਵੱਖੋ-ਵੱਖਰੇ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਕੇਸ਼ ਉਰਫ਼ ਮਨੀਸ਼ ਵਾਸੀ ਸੋਹਾਣਾ ਅਤੇ ਲਾਲੂ ਸਿੰਘ ਵਾਸੀ ਬਨੂੜ ਵਜੋਂ ਹੋਈ ਹੈ।