Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 22 ਹੋਰ ਨਵੇਂ ਮਾਮਲੇ ਸਾਹਮਣੇ ਆਏ

ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 361 ’ਤੇ ਪੁੱਜੀ, 98 ਮਰੀਜ਼ ਐਕਟਿਵ

ਮੁਹਾਲੀ ਦੇ ਡੀਸੀ, ਐਸਡੀਐਮ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ 22 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕ ਫਿਰ ਤੋਂ ਭੈਅ-ਭੀਤ ਹੋ ਉੱਠੇ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 361 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 98 ਨਵੇਂ ਕੇਸ ਐਕਟਿਵ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਵੀ ਹੋ ਰਹੇ ਹਨ। ਅੱਜ ਤਿੰਨ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਆਏ ਹਨ। ਜਦੋਂਕਿ ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ 22 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ, ਏਡੀਸੀ ਅਤੇ ਐਸਡੀਐਮ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਐਸਡੀਐਮ ਜਗਦੀਪ ਸਹਿਗਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰੀ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਸੂਬੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਮੁਹਾਲੀ ਸਥਿਤ ਵਿਕਾਸ ਭਵਨ ਦੇ ਸਮੂਹ ਅਧਿਕਾਰੀਆਂ ਦੇ ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਨੇ ਦਫ਼ਤਰ ਦੇ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੂਚੀ ਮੰਗੀ ਹੈ। ਜੋ ਸਿੱਧੇ ਤੌਰ ’ਤੇ ਡਾਇਰੈਕਟਰ ਦੇ ਸੰਪਰਕ ਵਿੱਚ ਸਨ ਜਾਂ ਇਹੀਂ ਦਿਨੀਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਜਿਹੜੇ ਪਾਜ਼ੇਟਿਵ ਆਏ ਹਨ, ਉਨ੍ਹਾਂ ਵਿੱਚ ਇੱਥੋਂ ਦੇ ਫੇਜ਼-4 ਦਾ 35 ਸਾਲਾ ਪੁਰਸ਼, ਸੈਕਟਰ-116 ਦਾ 32 ਸਾਲਾ ਪੁਰਸ਼ ਅਤੇ ਨਵਾਂ ਗਾਉਂ ਦਾ 19 ਸਾਲਾ ਨੌਜਵਾਨ ਅਤੇ 50 ਸਾਲ ਦੀ ਬਜ਼ੁਰਗ ਅੌਰਤ, 18, 25 ਤੇ 38 ਸਾਲ ਦੇ ਤਿੰਨ ਪੁਰਸ਼ ਵਾਸੀ ਪਿੰਡ ਮਜਾਤ ਅਤੇ ਪੰਜ ਖਰੜ ਦੇ ਮਰੀਜ਼ਾਂ ਵਿੱਚ ਤਿੰਨ ਸੰਨੀ ਇਨਕਲੇਵ ਅਤੇ ਦੋ ਗਿਲਕੋ ਵੈਲੀ ਦੇ ਵਸਨੀਕ ਹਨ। ਦੋ ਮਰੀਜ਼ ਬਲਟਾਣਾ, ਇਕ ਬਨੂੜ, ਦੋ ਡੇਰਾਬੱਸੀ ਅਤੇ ਚਾਰ ਜਵਾਹਰਪੁਰ ਅਤੇ ਇਕ ਮੁਬਾਰਕਪੁਰ ਦਾ ਮਰੀਜ਼ ਸ਼ਾਮਲ ਹੈ। ਜਦੋਂਕਿ ਪਿੰਡ ਢਕੋਲੀ ਦੇ ਇਕ 50 ਸਾਲ ਕਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਪਹਿਲਾਂ ਤੋਂ ਹਾਈ ਬਲੱਡ ਸ਼ੂਗਰ ਦਾ ਮਰੀਜ਼ ਸੀ ਅਤੇ ਵੈਂਟੀਲੇਟਰ ’ਤੇ ਸੀ। ਇਸੇ ਦੌਰਾਨ ਤਿੰਨ ਪੀੜਤ ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤਣ ਵਿੱਚ ਸਫਲ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 361 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 256 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 98 ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…