Nabaz-e-punjab.com

ਜ਼ਿਲ੍ਹਾ ਮੁਹਾਲੀ ਦੇ 579 ਸਕੂਲਾਂ ਵਿੱਚ ਬਣਾਏ 23 ਹਜ਼ਾਰ 362 ਬਡੀ ਗਰੁੱਪ

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੈਪਟਨ ਸਰਕਾਰ ਦਾ ਵੱਡਾ ਤੇ ਅਹਿਮ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਜਾ ਰਹੇ ‘ਬਡੀ ਪ੍ਰੋਗਰਾਮ’ ਨੂੰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੂਰਨ ਤੌਰ ’ਤੇ ਲਾਗੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਭਰ ਵਿੱਚ 23 ਹਜ਼ਾਰ 362 ਬਡੀ ਗਰੁੱਪ ਬਣਾਏ ਗਏ ਹਨ। ਜਿਨ੍ਹਾਂ ਵਿੱਚ 579 ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਦੇ 92426 ਵਿਦਿਆਰਥੀ ਸ਼ਾਮਲ ਹਨ।
ਡੀਸੀ ਨੇ ਦੱਸਿਆ ਕਿ ‘ਬਡੀ ਪ੍ਰੋਗਰਾਮ’ ਤਹਿਤ ਪ੍ਰਤੀ ਸਕੂਲ ਇੱਕ ਨੋਡਲ ਟੀਚਰ ਆਪਣੇ ਸਕੂਲ ਦੇ ਸੀਨੀਅਰ ਬਡੀਜ਼ ਰਾਹੀਂ ਹਫ਼ਤੇ ਵਿੱਚ ਘੱਟੋ-ਘੱਟ 2 ਗਤੀਵਿਧੀਆਂ ਕਰਵਾਉਂਦੇ ਹਨ। ਜਿਨ੍ਹਾਂ ਰਾਹੀਂ ਸਮਾਜ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਗਤੀਵਿਧੀਆਂ ਦੇ ਰੂਪ ਵਿੱਚ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ, ਪੇਂਟਿੰਗ ਮੁਕਾਬਲੇ, ਗਰੁੱਪ ਚਰਚਾ, ਨੁੱਕੜ ਨਾਟਕ, ਲੇਖ ਮੁਕਾਬਲੇ, ਭਾਸ਼ਣ, ਕਵਿਤਾ ਮੁਕਾਬਲੇ ਆਦਿ ਬਡੀ ਗਰੁੱਪਾਂ ਰਾਹੀਂ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਮਾਹਰ ਡਾਕਟਰ, ਮਨੋ ਵਿਗਿਆਨਕਾਂ ਰਾਹੀਂ ਲੈਕਚਰ ਵੀ ਕਰਵਾਏ ਜਾਂਦੇ ਹਨ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ‘ਬਡੀ ਪ੍ਰੋਗਰਾਮ’ ਦਾ ਮੁੱਖ ਮਕਸਦ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਉਣ ਤੋਂ ਬਚਾਉਣਾ ਹੈ। ਇਸ ਪ੍ਰੋਗਰਾਮ ਵਿੱਚ 222 ਸਰਕਾਰੀ ਤੇ ਏਡਿਡ ਅਤੇ 357 ਪ੍ਰਾਈਵੇਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਤੀ ਸਕੂਲ ਇੱਕ ਨੋਡਲ ਅਧਿਆਪਕ ਦੀ ਇੱਕ ਰੋਜ਼ਾ ਟਰੇਨਿੰਗ ਮਾਸਟਰ ਟਰੇਨਰਾਂ ਰਾਹੀਂ ਨਵੰਬਰ 2018 ਵਿੱਚ ਕਰਵਾਈ ਗਈ ਸੀ ਅਤੇ ਸਿਖਲਾਈ ਪ੍ਰਾਪਤ ਅਧਿਆਪਕ ਵਿੱਦਿਅਕ ਸੰਸਥਾਵਾਂ ਵਿੱਚ ਬੱਚਿਆਂ ਨੂੰ ਟਰੇਨਿੰਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮੂਹ ਬਡੀ ਨੋਡਲ ਅਧਿਆਪਕਾਂ ਦਾ ਦਫ਼ਤਰ ਦੇ ਨੋਡਲ ਅਫ਼ਸਰ ਰਾਹੀਂ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ। ਜਿਸ ਰਾਹੀਂ ਸਮੁੱਚੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕੀਤੀ ਜਾਂਦੀ ਹੈ ਅਤੇ ਚੋਣਵੀਆਂ ਗਤੀਵਿਧੀਆਂ ਨੂੰ ਸੂਬਾ ਪੱਧਰ ’ਤੇ ਭੇਜਿਆ ਜਾਂਦਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਡੀ ਪ੍ਰੋਗਰਾਮ ਤਹਿਤ ਸਕੂਲਾਂ/ਕਾਲਜਾਂ ਦੇ ਲਗਭਗ 40 ਲੱਖ ਵਿਦਿਆਰਥੀਆਂ ਅਤੇ 3 ਲੱਖ ਅਧਿਆਪਕਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਬਡੀ ਪ੍ਰੋਗਰਾਮ ਤਹਿਤ 12 ਹਜ਼ਾਰ 124 ਨੋਡਲ ਅਫ਼ਸਰ ਅਤੇ 1 ਲੱਖ 20 ਹਜ਼ਾਰ 436 ਸੀਨੀਅਰ ਬਡੀ ਨਿਯੁਕਤ ਕੀਤੇ ਗਏ ਹਨ ਅਤੇ 26 ਲੱਖ 90 ਹਜ਼ਾਰ 424 ਵਿਦਿਆਰਥੀਆਂ ਦੇ 5 ਲੱਖ 48 ਹਜ਼ਾਰ 639 ਬਡੀ ਗਰੁੱਪ ਬਣਾਏ ਗਏ ਹਨ। ਮੈਡੀਕਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਬਡੀ ਪ੍ਰੋਗਰਾਮ ਨੂੰ ਲਾਗੂ ਕਰਵਾ ਰਹੇ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…