ਪੰਜਾਬ ਵਿੱਚ 25 ਹਜ਼ਾਰ ਡੇਅਰੀ ਫਾਰਮ ਖੋਲ੍ਹ ਕੇ ਨੌਜਵਾਨਾਂ ਨੂੰ ਰੁਜ਼ਗਾਰ ’ਤੇ ਲਇਆ ਜਾਵੇਗਾ: ਕੰਵਰ ਸੰਧੂ

ਆਪ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਚਿੱਟੇ ਦੁੱਧ ਦੀ ਕ੍ਰਾਂਤੀ ਲਿਆਂਦੀ ਜਾਵੇਗੀ: ਕੰਵਰ ਸੰਧੂ

ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਭੇਤਭਰੀ ਮੌਤ ਦੀ ਸੱਚ ਦਾ ਪਤਾ ਲਗਾਉਣ ਲਈ ਢੰਗ ਸਰ ਜਾਂਚ ਨਹੀਂ ਹੋਈ:

ਕਾਂਗਰਸ ਨੂੰ ਝਟਕਾ: ਜਗਮੋਹਨ ਕੰਗ ਤੇ ਬਲਬੀਰ ਸਿੱਧੂ ਦਾ ਪੁਰਾਣੀ ਸਾਥੀ ਸੁਖਦੇਵ ਸਿੰਘ ਬਰੋਲੀ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਦੀ ਚੋਣ ਮੁਹਿੰਮ ਅੱਜ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏੇਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਸੁਖਦੇਵ ਸਿੰਘ ਬਰੋਲੀ ਤੇ ਯੂਥ ਆਗੂ ਨਰਿੰਦਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰੈਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ੍ਰੀ ਬਰੋਲੀ ਪਿਛਲੇ ਕਾਫੀ ਸਮੇਂ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਜਗਮੋਹਨ ਸਿੰਘ ਕੰਗ ਨਾਲ ਜੁੜੇ ਹੋਏ ਸੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਬੜੀ ਸਰਗਰਮੀ ਨਾਲ ਕੰਮ ਕਰਦੇ ਆ ਰਹੇ ਸੀ।
ਇਸ ਮੌਕੇ ਸ੍ਰੀ ਕੰਵਰ ਸੰਧੂ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਭੇਤਭਰੀ ਮੌਤ ਦੇ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਹੁਕਮਰਾਨਾਂ ਨੇ ਨਿਰਪੱਖ ਜਾਂਚ ਨਹੀਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ’ਤੇ ਇਸ ਸਮੁੱਚੇ ਘਟਨਾਕ੍ਰਮ ਦੀ ਉੱਚ ਪੱਧਰ ਜਾਂਚ ਕਰਵਾਈ ਜਾਵੇਗੀ। ਧੜੱਲੇ ਨਾਲ ਨਿਡਰ ਪੱਤਰਕਾਰੀ ਕਰਨ ਤੋਂ ਬਾਅਦ ਅਚਾਨਕ ਸਿਆਸਤ ਵਿੱਚ ਆਉਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਸੰਧੂ ਦਾ ਕਹਿਣਾ ਸੀ ਕਿ ਇਹ ਜਿੰਦਗੀ ਦੀ ਦੂਜੀ ਪਾਰੀ ਹੈ ਅਤੇ ਉਹ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਵੀ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਚਿੱਟੇ ਪਾਊਡਰ ਕਾਰਨ ਬਦਨਾਮ ਹੈ ਅਤੇ ਸਰਪ੍ਰਸਤੀ ਹੇਠ ਵਿਕ ਰਹੇ ਨਸ਼ਿਆਂ ਨੇ ਸਾਡੀ ਨੌਜਵਾਨ ਪੀੜੀ ਨੂੰ ਕਾਫੀ ਢਾਹ ਲਗਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪੂਰੀ ਕੋਸ਼ਿਸ਼ ਹੋਵੇਗੀ ਕਿ ਦੁੱਧ ਉਤਪਾਦਨ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆ ਕੇ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ਵਧਾ ਕੇ ਚਿੱਟੀ ਕ੍ਰਾਂਤੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਨਸ਼ੇ (ਚਿੱਟੇ) ਦੇ ਕਾਲੇ ਕਾਰੋਬਾਰ ’ਤੇ ਰੋਕ ਲਗਾਉਣ ਦੀ ਥਾਂ ਇਸ ਦੀ ਅੰਦਰਖਾਤੇ ਪੁਸ਼ਤਪਨਾਹੀ ਕੀਤੀ ਗਈ ਹੈ ਜਦੋਂ ਕਿ ਆਪ ਦੀ ਸਰਕਾਰ ਆਉਣ ’ਤੇ ਡੇਅਰੀ ਫਾਰਮਾਂ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਪੰਜਾਬ 25 ਹਜ਼ਾਰ ਨਵੇਂ ਡੇਅਰੀ ਫਾਰਮ ਸਥਾਪਿਤ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਾਂਗਰਸ ’ਤੇ ਵਿਰੋਧੀ ਧਿਰ ਦਾ ਉਸਾਰੂ ਰੋਲ ਨਾ ਨਿਭਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸੀ ਅਤੇ ਅਕਾਲੀ-ਭਾਜਪਾ ਆਪਸ ਵਿੱਚ ਮਿਲੇ ਹੋਏ ਹਨ। ਇਹੀ ਇੱਕ ਕਾਰਨ ਹੈ ਕਿ ਅਕਾਲੀਆਂ ਦੇ ਜਬਰ ਜੁਲਮ ਦਾ ਵਿਰੋਧ ਕਰਨ ਦੀ ਬਜਾਏ ਕਾਂਗਰਸ ਨੇ ਚੁੱਪ ਧਾਰ ਲਈ ਹੈ। ਚੋਣਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨਾਲ ਵਾਅਦੇ ਕਰਕੇ ਭੁੱਲ ਜਾਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਕੰਵਰ ਸੰਧੂ ਨੇ ਕਿਹਾ ਕਿ ਚੋਣ ਮੈਨੀਫੈਸਟੋ ਲਈ ਰਾਜਸੀ ਪਾਰਟੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪ ਇਹ ਮੰਗ ਕਰਦੀ ਹੈ ਕਿ ਚੋਣ ਕਮਿਸ਼ਨ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਪਾਬੰਦ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣਾ ਮੈਨੀਫੈਸਟੋ ਇੰਨ ਬਿੰਨ ਲਾਗੂ ਕਰਨ ਅਤੇ ਅਜਿਹਾ ਨਾ ਕਰਨ ਵਾਲੀਆਂ ਪਾਰਟੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਇਸ ਮੌਕੇ ਸੁਖਦੇਵ ਸਿੰਘ ਬਰੋਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡੇਅਰੀ ਫਾਰਮਿੰਗ ਦਾ ਧੰਦਾ ਬੰਦ ਹੋਣ ਦੇ ਕੰਢੇ ਪੁੱਜ ਗਿਆ ਹੈ। ਦੁਧਾਰੂ ਪਸ਼ੂਆਂ ਦੀ ਆਵਾਜਾਈ ’ਤੇ ਸਰਕਾਰ ਵੱਲੋਂ ਲਗਾਈ ਅਣਐਲਾਨੀ ਰੋਕ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਹੁਣ ਪੰਜਾਬ ਵਿੱਚ ਆਉਣੇ ਬੰਦ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਸ਼ੂ ਮੰਡੀਆਂ ਵਿੱਚ ਠੇਕੇਦਾਰਾਂ ਵੱਲੋਂ ਹਰ ਪਸ਼ੂ ’ਤੇ 2 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ ਜਦੋਂ ਕਿ ਪਰਚੀ ਸਿਰਫ 300 ਦੀ ਹੀ ਕੱਟੀ ਜਾਂਦੀ ਹੈ। ਇਸ ਤਰੀਕੇ ਨਾਲ ਡੇਅਰੀ ਫਾਰਮਰਾਂ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ।
ਇਸ ਮੌਕੇ ਆਪ ਦੇ ਲੋਕ ਸਭਾ ਹਲਕਾ ਦੇ ਜ਼ੋਨਲ ਦੇ ਇੰਚਾਰਜ ਦਰਸ਼ਨ ਸਿੰਘ ਧਾਲੀਵਾਲ, ਯੂਥ ਵਿੰਗ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ, ਨਵਦੀਪ ਸਿੰਘ ਬੱਬੂ, ਨਰਿੰਦਰ ਸਿੰਘ ਖਰੜ, ਨਛੱਤਰ ਸਿੰਘ ਬੈਦਵਾਨ, ਕੁਲਵੰਤ ਸਿੰਘ ਗਿੱਲ, ਸੇਵਾਮੁਕਤ ਐਸਡੀਓ ਸ਼ੇਰ ਸਿੰਘ, ਕਰਨਲ ਪੀ.ਐਸ. ਗਿਲ, ਹਰਜੀਤ ਬੰਟੀ, ਹਰਪ੍ਰੀਤ ਸਿੰਘ ਅਤੇ ਕਮਲਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…