
ਬੀਬੀ ਧਨੋਆ ਦੀ ਯਾਦ ਵਿੱਚ 25ਵਾਂ ਖੂਨਦਾਨ ਕੈਂਪ ਲਾਇਆ, 154 ਨੌਜਵਾਨਾਂ ਵੱਲੋਂ ਖੂਨਦਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਇੱਥੋਂ ਦੇ ਗੁਰਦੁਆਰਾ ਸਾਹਿਬ ਸੈਕਟਰ-69 ਵਿਖੇ ਸਮਾਜ ਸੇਵਾ ਨੂੰ ਸਮਰਪਿਤ ਰਹੇ ਬੀਬੀ ਸੁਰਿੰਦਰ ਕੌਰ ਧਨੋਆ ਦੀ ਪਹਿਲੀ ਬਰਸੀ ਮੌਕੇ 25ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ ਜਦੋਂਕਿ ਪ੍ਰਧਾਨਗੀ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕੀਤੀ। ਇਨ੍ਹਾਂ ਆਗੂਆਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਆ।
ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ ਨੇ ਦੱਸਿਆ ਕਿ ਪੀਜੀਆਈ ਬਲੱਡ ਬੈਂਕ ਦੀ ਡਾ. ਸੁਚੇਤ ਸਚਦੇਵਾ ਦੀ ਦੇਖਰੇਖ ਵਿੱਚ ਲਗਾਏ ਗਏ ਇਸ ਕੈਂਪ ਵਿੱਚ 154 ਵਿਅਕਤੀਆਂ ਨੇ ਸਵੈਇੱਛਤ ਖੂਨਦਾਨ ਕੀਤਾ। ਪ੍ਰਭਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੁਸਾਇਟੀ ਨੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਨ ਦਾ ਸੁਨੇਹਾ ਦਿੰਦੇ ਹੋਏ ਸਾਰੇ ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਛਾਂਦਾਰ ਤੇ ਫਲਦਾਰ ਪੌਦੇ ਦਿੱਤੇ ਗਏ। ਜ਼ਿਲ੍ਹਾ ਪ੍ਰੈਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ ਨੇ 41ਵੀਂ ਵਾਰ ਖੂਨਦਾਨ ਕੀਤਾ ਜਦੋਂਕਿ ਉਨ੍ਹਾਂ ਦੇ ਬੇਟੇ ਅਮਰਜੀਤ ਸਿੰਘ ਸੋਢੀ ਨੇ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਸਾਥੀ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਅਮਰਜੀਤ ਸਿੰਘ ਧਨੋਆ, ਕੌਂਸਲਰ ਕੁਲਦੀਪ ਕੌਰ ਧਨੋਆ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਤੇ ਮਨਮੋਹਨ ਸਿੰਘ ਲੰਗ, ਡਿਪਲਾਸਟ ਗਰੱੁਪ ਦੇ ਐਮਡੀ ਅਸ਼ੋਕ ਗੁਪਤਾ ਨੇ ਖੂਨਦਾਨੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਵੀਪੀ ਸਿੰਘ, ਕੁਲਦੀਪ ਸਿੰਘ ਹੈਪੀ, ਰਵਿੰਦਰ ਰਵੀ, ਨਰਿੰਦਰ ਮਨੌਲੀ, ਭੁਪਿੰਦਰ ਸਿੰਘ ਡਾਹਰੀ, ਜ਼ੈਲਦਾਰ ਸਿਮਰਦੀਪ ਸਿੰਘ, ਰਾਜੀਵ ਵਸ਼ਿਸ਼ਟ, ਸੁਖਵਿੰਦਰ ਹੈਪੀ, ਕਰਮ ਸਿੰਘ ਮਾਵੀ, ਗੁਰਦੀਪ ਸਿੰਘ ਚਾਹਲ, ਅਮਰਜੀਤ ਸਿੰਘ ਪਰਮਾਰ, ਰਾਜੇਸ਼ ਸ਼ਰਮਾ, ਰਵਿੰਦਰ ਕ੍ਰਿਸ਼ਨ, ਯਸ਼ਜੀਤ ਗੁਪਤਾ, ਸਿਮਰਤਪਾਲ ਸਿੰਘ, ਸੁਖਦਰਸ਼ਨ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ ਅਤੇ ਅਨਿਲ ਕੁਮਾਰ ਵੀ ਹਾਜ਼ਰ ਸਨ।