
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 26 ਕੈਡਿਟਾਂ ਵੱਲੋਂ ਐਨਡੀਏ ਦੀ ਲਿਖਤੀ ਪ੍ਰੀਖਿਆ ਪਾਸ
ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ:
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ 26 ਕੈਡਿਟਾਂ ਨੇ ਐਨਡੀਏ-155 ਕੋਰਸ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) (1) ਲਿਖਤੀ ਪ੍ਰੀਖਿਆ ਪਾਸ ਕਰਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਯੂਪੀਐਸਸੀ ਵੱਲੋਂ ਬੀਤੀ ਸ਼ਾਮ ਨਤੀਜਾ ਐਲਾਨਿਆ ਗਿਆ ਸੀ। ਇਹ ਕੋਰਸ ਦਸੰਬਰ 2025 ਵਿੱਚ ਸ਼ੁਰੂ ਹੋਵੇਗਾ। ਸੰਸਥਾ ਦੇ 34 ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 26 ਕੈਡਿਟਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ’ਚੋਂ ਅੱਠ ਕੈਡਿਟ ਪਹਿਲਾਂ ਹੀ ਐਨਡੀਏ-154 ਕੋਰਸ ਲਈ ਮੈਰਿਟ ਸੂਚੀ ਵਿੱਚ ਹਨ ਅਤੇ ਆਪਣੇ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ।
ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ 26 ਕੈਡਿਟਾਂ ਵਿੱਚ ਅਭੈ ਪ੍ਰਤਾਪ ਸਿੰਘ ਢਿੱਲੋਂ, ਵਿਸ਼ਵਰੂਪ ਸਿੰਘ ਗਰੇਵਾਲ, ਅਗਮਜੀਤ ਸਿੰਘ ਵਿਰਕ, ਪਰਮਦੀਪ ਸਿੰਘ, ਅਪਾਰਦੀਪ ਸਿੰਘ ਸਾਹਨੀ, ਖੁਸ਼ਪ੍ਰੀਤ ਸਿੰਘ, ਮਾਨਵ ਗੋਇਲ, ਸਮਰਥ, ਭਾਸਕਰ ਜੈਨ, ਲਵਿਸ਼, ਹਿਰਦੇਸ਼ ਅਰੋੜਾ, ਅਰਨਵ ਸ਼ਰਮਾ, ਹਰਕੰਵਲ ਸਿੰਘ, ਉਦੈਬੀਰ ਸਿੰਘ ਨੰਦਾ, ਮਨਨੂਰਪ੍ਰੀਤ ਸਿੰਘ, ਗੁਰਨੂਰ ਸਿੰਘ, ਗੁਰਕੀਰਤ ਸਿੰਘ, ਅਨਹਦ ਸਿੰਘ ਖਟੂਮਰੀਆ, ਪ੍ਰਜਵੀਰ ਸਿੰਘ, ਦਿਵਾਂਸ਼ੂ ਸੰਧੂ, ਨਿਰਬਿਖ ਸਿੰਘ ਭਰਾਰਾ, ਰਿਤਿਸ਼ ਅਰੋੜਾ, ਇਸ਼ਮੀਤ ਸਿੰਘ, ਰੇਹਾਨ ਯਾਦਵ, ਹੁਸਨਪ੍ਰੀਤ ਸਿੰਘ ਅਤੇ ਹਿਮਾਂਸ਼ੂ ਰਿਸ਼ੀ ਸ਼ਾਮਲ ਹਨ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਹੋਣਹਾਰ ਕੈਡਿਟਾਂ ਨੂੰ ਪੰਜਾਬ ਦਾ ਮਾਣ ਦੱਸਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਐਨਡੀਏ ਪ੍ਰੀਖਿਆ ਦੇ ਨਤੀਜਿਆਂ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ ਨੇ ਕਿਹਾ ਕਿ ਇਹ ਕੈਡਿਟ ਜਲਦ ਹੀ ਆਪਣਾ ਐਸਐਸਬੀ ਇੰਟਰਵਿਊ ਦੇਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਦੇ 11 ਕੈਡਿਟ ਮਈ ਦੇ ਅੰਤ ਵਿੱਚ ਐਨਡੀਏ ਤੋਂ ਗਰੈਜੂਏਟ ਹੋ ਜਾਣਗੇ, ਜਦੋਂਕਿ ਸਿਖਲਾਈ ਅਧੀਨ ਅੱਠ ਕੈਡਿਟ ਮਈ ਦੇ ਅੰਤ ਵਿੱਚ ਜਾਂ ਜੂਨ ਦੇ ਸ਼ੁਰੂ ਵਿੱਚ ਕਮਿਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 170 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ ਹਨ।