ਤਿੰਨਾਂ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ 273 ਕੇਸ ਦਰਜ, 438 ਤਸਕਰ ਕਾਬੂ: ਡੀਆਈਜੀ ਭੁੱਲਰ

108 ਭਗੌੜੇ ਤੇ 2 ਗੈਂਗਸਟਰ ਗ੍ਰਿਫ਼ਤਾਰ, 435 ਪੰਚਾਇਤਾਂ ਨੇ ਨਸ਼ਾ ਤਸਕਰਾਂ ਤੇ ਨਸ਼ਿਆਂ ਖ਼ਿਲਾਫ਼ ਮਤੇ ਪਾਸ

ਪਿੰਡਾਂ ਵਿੱਚ 1228 ਤੇ ਸ਼ਹਿਰਾਂ ਵਿੱਚ 168 ਵਿਲੇਜ/ਵਾਰਡ ਡਿਫ਼ੈਂਸ ਕਮੇਟੀਆਂ ਦਾ ਗਠਨ

ਨਸ਼ਾ ਤਸਕਰਾਂ ਸਬੰਧੀ ਸੂਚਨਾ ਐਂਟੀ-ਡਰੱਗ ਹੈਲਪਲਾਈਨ 97791-00200 ’ਤੇ ਸੰਪਰਕ ਕੀਤਾ ਜਾਵੇ

ਨਬਜ਼-ਏ-ਪੰਜਾਬ, ਮੁਹਾਲੀ, 4 ਅਪਰੈਲ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤਿੰਨ ਜ਼ਿਲ੍ਹਿਆਂ ਮੁਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਹੁਣ ਤੱਕ ਨਸ਼ਾ ਤਸਕਰਾਂ ਖ਼ਿਲਾਫ਼ 273 ਪਰਚੇ ਦਰਜ ਕਰਕੇ 438 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ’ਚੋਂ 41 ਵਿੱਚ ਨਸ਼ੀਲੇ ਪਦਾਰਥਾਂ ਦੀ ਮਾਤਰਾ ਕਮਰਸ਼ੀਅਲ ਪਾਈ ਗਈ ਹੈ।
ਅੱਜ ਸ਼ਾਮ ਇਹ ਜਾਣਕਾਰੀ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ ਤੋਂ 3 ਅਪਰੈਲ ਤੱਕ ਕੁੱਲ 77 ਸ਼ੱਕੀ ਥਾਵਾਂ ’ਤੇ ਕਾਸੋ ਅਪਰੇਸ਼ਨ ਚਲਾਏ ਗਏ ਅਤੇ 858 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿੱਚ ਕੈਮਿਸਟ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਸਮੇਤ ਪੀਜੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 35.325 ਕਿੱਲੋ ਅਫ਼ੀਮ, 121.974 ਕਿੱਲੋ ਭੁੱਕੀ, 2.186 ਕਿੱਲੋ ਨਸ਼ੀਲਾ ਪਾਊਡਰ, 419978 ਨਸ਼ੀਲੀਆਂ ਗੋਲੀਆ/ਕੈਪਸੂਲ, 1.124 ਕਿੱਲੋ ਹੈਰੋਇਨ, 4.73 ਕਿੱਲੋ ਗਾਂਜਾ, 197530 ਨਸ਼ੀਲੇ ਟੀਕੇ, 0.032 ਗਰਾਮ ਸਮੈਕ, 1.290 ਕਿੱਲੋ ਕੋਕੀਨ, 3.22 ਕਿੱਲੋ ਚਰਸ, 8,74,820 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਨਸ਼ਾ ਤਸਕਰਾਂ ਕੋਲੋਂ 5 ਪਿਸਤੌਲ/ਗੰਨ, 4 ਮੈਗਜ਼ੀਨਾਂ, ਕਈ ਜ਼ਿੰਦਾ ਕਾਰਤੂਸ ਅਤੇ 3 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਦੌਰਾਨ 108 ਭਗੌੜੇ ਅਤੇ 2 ਗੈਂਗਸਟਰ ਵੀ ਕਾਬੂ ਕੀਤੇ ਗਏ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ 347 ਪੁਲੀਸ-ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਨਸ਼ਿਆਂ ਨੂੰ ਰੋਕਣ ਲਈ ਤਾਲਮੇਲ ਵੱਧ ਸਕੇ। ਇਸ ਤੋਂ ਇਲਾਵਾ ਪਿੰਡਾਂ ਵਿੱਚ 1228 ਅਤੇ ਸ਼ਹਿਰਾਂ ਵਿੱਚ 160 ਵਿਲੇਜ\ਵਾਰਡ ਡਿਫ਼ੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਵੀ ਜਾਰੀ ਕੀਤਾ ਗਿਆ ਹੈ।

(ਬਾਕਸ ਆਈਟਮ)
ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਰੂਪਨਗਰ ਰੇਂਜ ਵਿੱਚ 435 ਪੰਚਾਇਤਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਮਤੇ ਪਾਸ ਕੀਤੇ ਗਏ ਹਨ। ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਕੋਈ ਪਿੰਡ ਵਾਸੀ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਜ਼ਮਾਨਤ ਨਹੀਂ ਦੇਣਗੇ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਵਿਰੱੁਧ ਸਖ਼ਤ ਕਾਰਵਾਈ ਲਈ ਸਰਕਾਰ ਅਤੇ ਪੁਲੀਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 9 ਪ੍ਰਾਪਰਟੀਆਂ ਨੂੰ ਢਾਹਿਆ ਜਾ ਚੱੁਕਾ ਹੈ ਅਤੇ ਐਨਡੀਪੀਐਸ ਦੀ ਧਾਰਾ 68/ਐਫ਼ ਤਹਿਤ ਪ੍ਰਾਪਰਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ।

(ਬਾਕਸ ਆਈਟਮ)
ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਤਿੰਨ-ਨੁਕਾਤੀ ਰਣਨੀਤੀ,ਇੰਨਫੋਰਸਮੈਟ, ਡੀ-ਅਡਿਕਸ਼ਨ ਅਤੇ ਪ੍ਰੀਵੈਨਸ਼ਨ ਲਾਗੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਪੰਜਾਬ ਪੁਲੀਸ ਵੱਲੋਂ ਨਸ਼ੇ ਛੁਡਾਉਣ, ਮੁੜ ਵਸੇਬੇ ਅਤੇ ਪੁਨਰਵਾਸ ਲਈ ਨਸ਼ਿਆਂ ਤੋਂ 39 ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਡੀ-ਅਡਿਕਸ਼ਨ ਸੈਂਟਰਾਂ ਵਿੱਚ ਭੇਜਿਆ ਜਾ ਚੁੱਕਾ ਹੈ ਅਤੇ ਅਜਿਹੇ ਹੋਰ ਵਿਅਕਤੀਆਂ ਨੂੰ ਰਾਜ਼ੀ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
(ਬਾਕਸ ਆਈਟਮ)
ਕਤਲ, ਇਰਾਦਾ-ਕਤਲ, ਪੋਸਕੋ ਐਕਟ, ਅਗਵਾ, ਡਕੈਤੀ, ਜਬਰ-ਜਨਾਹ ਅਤੇ ਲੁੱਟ-ਖੋਹ ਦੇ 154 ਕੇਸ ਟਰੇਸ ਕਰਕੇ 223 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥੋੜ੍ਹੇ ਹੀ ਸਮੇਂ ਵਿੱਚ 79,84,000 ਰੁਪਏ ਦੀ ਕੇਸ ਪ੍ਰਾਪਰਟੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਵੱਖ-ਵੱਖ ਕੇਸਾਂ ਵਿੱਚ 2062 ਮਾਮਲੇ ਅਦਾਲਤਾਂ ਵਿੱਚ ਭੇਜੇ ਗਏ ਹਨ, ਜਿਨ੍ਹਾਂ ’ਚੋਂ 265 ਵਿੱਚ ਸਜ਼ਾ ਸੁਣਾਈ ਜਾ ਚੱੁਕੀ ਹੈ। ਇਸ ਤੋਂ ਇਲਾਵਾ 3148 ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ ਹੈ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…