
ਸ਼ਿਵਪੁਰੀ ਕਲੋਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਕਾਰਜਾਂ ’ਤੇ 28 ਲੱਖ ਖ਼ਰਚੇ ਜਾਣਗੇ: ਢਿੱਲੋਂ
ਜ਼ਿਲ੍ਹਾ ਕਾਂਗਰਸ ਪ੍ਰਧਾਨ ਦਪਿੰਦਰ ਢਿੱਲੋਂ ਨੇ ਵੱਡੀਆਂ ਪਾਈਪਾਂ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 3 ਜੁਲਾਈ:
ਡੇਰਾਬੱਸੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦੀਪਿੰਦਰ ਸਿੰਘ ਢਿੱਲੋਂ ਨੇ ਇੱਥੋਂ ਦੇ ਵਾਰਡ ਨੰਬਰ-7 ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਵੱਡੀਆਂ ਪਾਈਪਾਂ ਪਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੇ ਉੱਪਰ ਲਗਭਗ 28 ਲੱਖ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਪਿੰਦਰ ਢਿੱਲੋਂ ਨੇ ਕਿਹਾ ਕਿ ਸ਼ਿਵਪੁਰੀ ਕਲੋਨੀ ਵਿੱਚ ਬਰਸਾਤ ਦੇ ਮੌਸਮ ਵਿੱਚ ਜਿਹੜਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਜਾਂਦਾ ਸੀ ਜਾਂ ਗਲੀਆਂ ਨਾਲੀਆਂ ਵਿੱਚ ਖੜ੍ਹਾ ਰਹਿੰਦਾ ਸੀ ਇਸ ਸਮੱਸਿਆ ਦਾ ਪੱਕਾ ਹੱਲ ਕਰ ਲਿਆ ਗਿਆ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਜਲਦ ਹੀ ਪਾਈਪ ਪਾਉਣ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਵਾਰਡ ਵਾਸੀਆਂ ਦੀ ਪਾਈਪਾਂ ਪਾਉਣ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਇਸ ਪਾਈਪ ਲਾਈਨ ਦੁਆਰਾ ਬਰਵਾਲਾ ਰੋਡ, ਗੁਰਬਖ਼ਸ਼ ਕਲੋਨੀ, ਏਟੀਐੱਸ ਅਤੇ ਸ਼ਿਵਪੁਰੀ ਕਲੋਨੀ ਦੇ ਪਾਣੀ ਦੀ ਨਿਕਾਸੀ ਹੋਵੇਗੀ।
ਇਸ ਮੌਕੇ ਵਾਰਡ ਵਾਸੀਆਂ ਨੇ ਕਾਂਗਰਸੀ ਆਗੂ ਦਪਿੰਦਰ ਢਿੱਲੋਂ ਅਤੇ ਰਣਜੀਤ ਸਿੰਘ ਰੈਡੀ ਦਾ ਧੰਨਵਾਦ ਕੀਤਾ। ਵਾਰਡ ਵਾਸੀਆਂ ਨੇ ਕਿਹਾ ਕਿ ਰਣਜੀਤ ਸਿੰਘ ਰੈਡੀ ਦੀ ਮਿਹਨਤ ਸਦਕਾ ਹੀ ਇਹ ਕੰਮ ਹੋਇਆ ਹੈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ, ਐਮੀ ਗੁਰਪ੍ਰਤਾਪ ਸਿੰਘ, ਐਡਵੋਕੇਟ ਵਿਕਰਾਂਤ, ਨੰਬਰਦਾਰ ਬਲਜਿੰਦਰ ਸਿੰਘ, ਏਟੀਐੱਸ ਤੋਂ ਗੁਰਚਰਨ ਸਿੰਘ, ਟਰੱਕ ਯੂਨੀਅਨ ਪ੍ਰਧਾਨ ਚਮਨ ਸੈਣੀ, ਸਾਬਕਾ ਕੌਂਸਲਰ ਦਵਿੰਦਰ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਲੱਕੀ, ਭੁਪਿੰਦਰ ਸ਼ਰਮਾ, ਪਾਲੀ ਈਸਾਪੁਰ, ਪ੍ਰੇਮ ਸਿੰਘ, ਰਾਮਦੇਵ ਸ਼ਰਮਾ, ਕ੍ਰਿਸ਼ਨ ਧੀਮਾਨ, ਗੁਲਮੋਹਰ ਸਿਟੀ ਪ੍ਰਧਾਨ ਰਾਜੀਵ ਰਾਏ, ਅਨੁਰਾਗ ਸ਼ਰਮਾ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।