
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਮੇਅਰ ਦੇ ਹੱਕ ਵਿੱਚ 28 ਆਗੂਆਂ ਨੇ ਦਿੱਤੇ ਅਸਤੀਫ਼ੇ
ਅਕਾਲੀ ਆਗੂਆਂ ਤੇ ਸਾਬਕਾ ਕੌਂਸਲਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦਿੱਤੇ
ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ’ਚੋਂ ਕੱਢਣ ਦਾ ਮਾਮਲਾ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਪੰਜਾਬ ਵਿੱਚ 14 ਫਰਵਰੀ ਨੂੰ ਨਗਰ ਨਿਗਮ ਅਤੇ ਨਗਰ ਕੌਂਸਲਾਂ ਕਰਵਾਉਣ ਦਾ ਐਲਾਨ ਹੁੰਦੇ ਹੋਏ ਹੀ ਸ਼ਹਿਰੀ ਖੇਤਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਨੂੰ ਬਾਹਰ ਕੱਢਣ ਦੇ ਰੋਸ ਵਜੋਂ ਅੱਜ ਉਨ੍ਹਾਂ (ਕੁਲਵੰਤ ਸਿੰਘ) ਦੇ ਸਾਥੀ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਗਿਆ ਹੈ। ਨਿਗਮ ਚੋਣਾਂ ਦੇ ਐਨ ਮੌਕੇ ਸਥਾਨਕ ਆਗੂਆਂ ਅਤੇ ਸਰਗਰਮ ਵਰਕਰਾਂ ਦੇ ਇਸ ਫੈਸਲੇ ਨੇ ਹਾਈ ਕਮਾਂਡ ਦੀ ਨੀਂਦ ਉੱਡ ਗਈ ਹੈ। ਹਾਲਾਂਕਿ ਕਾਲੇ ਖੇਤੀ ਕਾਨੂੰਨਾਂ ਅਤੇ ਬੇਅਦਬੀ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਅਕਾਲੀ ਦਲ ਨੂੰ ਯੋਗ ਉਮੀਦਵਾਰ ਨਹੀਂ ਮਿਲ ਰਹੇ ਸੀ ਅਤੇ ਜ਼ਿਆਦਾਤਰ ਸਾਬਕਾ ਕੌਂਸਲਰਾਂ ਨੇ ਪਾਰਟੀ ਨੂੰ ਆਜ਼ਾਦ ਚੋਣਾਂ ਲੜਨ ਦੀ ਸਲਾਹ ਦਿੱਤੀ ਗਈ ਸੀ ਪ੍ਰੰਤੂ ਹੁਣ ਵੱਡੀ ਗਿਣਤੀ ਵਿੱਚ ਆਗੂਆਂ ਵੱਲੋਂ ਅਸਤੀਫ਼ੇ ਦੇਣ ਨਾਲ ਅਕਾਲੀ ਦਲ ਲਈ ਵੱਡੀ ਚੁਨੌਤੀ ਖੜੀ ਹੋ ਗਈ ਹੈ।
ਅਸਤੀਫ਼ੇ ਦੇਣ ਤੋਂ ਪਹਿਲਾਂ ਸਮੂਹ ਆਗੂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਨਤਮਸਤਕ ਹੋਏ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਸਤੀਫ਼ੇ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਯੂਥ ਵਿੰਗ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਹਰਮਨਜੀਤ ਸਿੰਘ ਕੁੰਭੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਤਹਿਸੀਲਦਾਰ (ਸੇਵਾਮੁਕਤ) ਅਮਰੀਕ ਸਿੰਘ, ਕਿਸਾਨ ਵਿੰਗ ਦੇ ਸੂਬਾ ਆਗੂ ਸੁਖਦੇਵ ਸਿੰਘ ਪਟਵਾਰੀ ਸਮੇਤ ਸੁਰਿੰਦਰ ਸਿੰਘ ਰੋਡਾ, ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਉਪਿੰਦਰਪ੍ਰੀਤ ਕੌਰ ਗਿੱਲ, ਰਜਨੀ ਗੋਇਲ, ਰਮਨਪ੍ਰੀਤ ਕੌਰ ਕੁੰਭੜਾ, ਕਮਲਜੀਤ ਕੌਰ, ਰਜਿੰਦਰ ਕੌਰ ਕੁੰਭੜਾ, ਰਵਿੰਦਰ ਸਿੰਘ ਬਿੰਦਰਾ, ਫੂਲਰਾਜ ਸਿੰਘ, ਗੁਰਮੀਤ ਸਿੰਘ ਵਾਲੀਆ, ਗੁਰਮੀਤ ਕੌਰ, ਸਰਬਜੀਤ ਸਿੰਘ ਸਮਾਣਾ, ਕਰਮਜੀਤ ਕੌਰ, ਜਸਵੀਰ ਕੌਰ ਅੱਤਲੀ (ਸਾਰੇ ਸਾਬਕਾ ਕੌਂਸਲਰ) ਅਤੇ ਸੀਨੀਅਰ ਆਗੂ ਅਵਤਾਰ ਸਿੰਘ ਵਾਲੀਆ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਅਰੁਣ ਗੋਇਲ ਅਤੇ ਹਰਬਿੰਦਰ ਸਿੰਘ ਆਦਿ ਦੇ ਨਾਂ ਸ਼ਾਮਲ ਹਨ।
ਇਸ ਮੌਕੇ ਫੂਲਰਾਜ ਸਿੰਘ, ਆਰਪੀ ਸ਼ਰਮਾ ਤੇ ਹਰਪਾਲ ਸਿੰਘ ਚੰਨਾ ਨੇ ਕਿਹਾ ਕਿ ਹਾਈ ਕਮਾਂਡ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ’ਚੋਂ ਕੱਢ ਕੇ ਦੂਜੀ ਵੱਡੀ ਗਲਤੀ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੀਆਂ ਨਗਰ ਨਿਗਮ ਚੋਣਾਂ ਵੇਲੇ ਕੁਲਵੰਤ ਸਿੰਘ ਨੂੰ ਅਣਗੌਲਿਆ ਕਰਕੇ ਟਿਕਟਾਂ ਦੀ ਵੰਡ ਕੀਤੀ ਗਈ ਸੀ। ਜਿਸ ਦਾ ਉਦੋਂ ਹੀ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ ਸੀ ਅਤੇ ਐਤਕੀਂ ਵੀ ਸੀਨੀਅਰ ਲੀਡਰਸ਼ਿਪ ਨੇ ਮੁੜ ਉਸੇ ਗਲਤੀ ਨੂੰ ਦੁਹਰਾਉਂਦਿਆਂ ਪਿਛਲੇ ਦਿਨੀਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਸਮੇਂ ਨਾ ਸਿਰਫ਼ ਕੁਲਵੰਤ ਸਿੰਘ ਨੂੰ ਅਣਗੌਲਿਆ ਕੀਤਾ ਗਿਆ ਬਲਕਿ ਇਸ ਸੂਚੀ ਵਿੱਚ ਉਨ੍ਹਾਂ ਦਾ ਨਾਂ ਹੀ ਗਾਇਬ ਸੀ। ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਪੰਜ ਸਾਲ ਕੁਲਵੰਤ ਸਿੰਘ ਨੇ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਲਗਨ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਵੀ ਨਹੀਂ ਹੈ ਅਤੇ ਇਸ ਵਾਰ ਵੀ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਜੇਕਰ ਹੁਕਮਰਾਨ ਪਾਰਟੀ ਨੂੰ ਟੱਕਰ ਦੇਣੀ ਤਾਂ ਸਾਬਕਾ ਮੇਅਰ ਦੀ ਅਗਵਾਈ ਹੇਠ ਹੀ ਨਿਗਮ ਚੋਣਾਂ ਲੜੀਆਂ ਜਾਣ ਪ੍ਰੰਤੂ ਕੁਝ ਆਗੂਆਂ ਦੀ ਨਿੱਜੀ ਦਖ਼ਲ ਕਾਰਨ ਦੇ ਚੱਲਦਿਆਂ ਸਾਰਾ ਹੀ ਗਣਿਤ ਵਿਗੜ ਗਿਆ ਹੈ। ਜਿਸ ਕਾਰਨ ਦੁਖੀ ਹੋ ਕੇ ਉਨ੍ਹਾਂ ਨੂੰ ਆਪਣੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇਣ ਪਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਫੈਸਲਾ ਲੈਂਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ’ਚੋਂ ਬਾਹਰ ਕਰ ਦਿੱਤਾ ਸੀ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦੇ ਦੱਸਣ ਅਨੁਸਾਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਕੀਤੇ ਅਬਜ਼ਰਵਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸਾਬਕਾ ਮੇਅਰ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਕਾਰਵਾਈ ਕੀਤੀ ਗਈ ਹੈ।