nabaz-e-punjab.com

ਸੀ.ਜੀ.ਸੀ. ਲਾਂਡਰਾਂ ਦੀ 12ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ 2946 ਵਿਦਿਆਰਥੀਆਂ ਨੂੰ ਮਿਲੀਆਂ ਡਿਗਰੀਆਂ

ਇੰਜੀਨੀਅਰਿੰਗ ਦੇ 60 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੀ ਅੱਜ 12ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ ਬੈਚ 2015 ਅਤੇ 2016 ਦੇ 2946 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਇੰਜੀਨੀਅਰਿੰਗ ਦੇ ਵੱਖ-ਵੱਖ ਖੇਤਰਾਂ ’ਚ ਯੂਨੀਵਰਸਿਟੀ ਵਿੱਚ ਮੈਰਿਟ ਪੁਜ਼ੀਸ਼ਨ ਹਾਸਲ ਕਰਨ ਵਾਲੇ 60 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲਾਨਾ ਡਿਗਰੀ ਵੰਡ ਸਮਾਗਮ ਦੀ ਪ੍ਰਧਾਨਗੀ ਬਹੁ-ਕੌਮੀ ਕੰਪਨੀ ਐਕਸੈਂਚਰ ਦੇ ਮਨੁੱਖੀ ਵਸੀਲਿਆਂ ਦੀ ਪ੍ਰੰਬਧਕੀ ਨਿਰਦੇਸ਼ਕ ਡਾ. ਤਨਾਇਆ ਮਿਸ਼ਰਾ ਨੇ ਕੀਤੀ।
ਇਸ ਦੌਰਾਨ ਐੱਮ.ਟੈੱਕ. ਸਿਸਟਮ ਸੌਫਟਵੇਅਰ ਦੀ ਵਿਦਿਆਰਥਣ ਗੁਰਸਿਮਰਨ ਕੌਰ ਅਤੇ ਗੁਰਮਨਦੀਪ ਕੌਰ, ਐੱਮ.ਟੈੱਕ. ਸਿਵਲ ਇੰਜੀਨੀਅਰਿੰਗ ਦੀ ਵਿਦਿਆਰਥਣ ਸੋਨਾਕਸ਼ੀ ਗੁਪਤਾ, ਐੱਮ.ਟੈੱਕ. ਆਈ.ਟੀ. ਦੇ ਸੰਦੀਪ ਸਿੰਘ, ਐੱਮ.ਟੈੱਕ. ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਵਿਦਿਆਰਥਣ ਗੁਰਮੀਤ ਕੌਰ ਸੈਣੀ ਨੂੰ ਸਮੁੱਚੇ ਬੈਚ ਦੇ ਹਰੇਕ ਸਮੈਸਟਰ ਦੌਰਾਨ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਜੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕਾਲਜ ’ਚੋਂ ਅੱਵਲ ਰਹਿਣ ਦੇ ਨਾਲ-ਨਾਲ ਪੀ.ਟੀ.ਯੂ. ਦੀ ਮੈਰਿਟ ਸੂਚੀ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਿਵਲ ਇੰਜੀਨੀਅਰਿੰਗ ਦੀ ਵਿਦਿਆਰਥਣ ਅਮਿਤਾ ਗੋਇਲ, ਕਾਲਜ ’ਚੋਂ ਅੱਵਲ ਅਤੇ ਪੀ.ਟੀ.ਯੂ. ਦੀ ਮੈਰਿਟ ਸੂਚੀ ’ਚ ਸੈਕਿੰਡ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਪਾਰੁਲ, ਮਕੈਨੀਕਲ ਦੇ ਵਿਦਿਆਰਥੀ ਵਿਕਾਸ ਸੋਹਲ, ਪੀ.ਟੀ.ਯੂ. ’ਚ ਚੌਥੇ ਅਤੇ ਕਾਲਜ ’ਚੋਂ ਅੱਵਲ ਸਥਾਨ ਪ੍ਰਾਪਤ ਕਰਨ ਵਾਲੇ ਅਨਭ ਪੁਰੀ ਸਮੇਤ ਉੱਚੇ ਮੈਰਿਟ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕਰਨ ਵਾਲੇ ਬੈਚ 2015 ਅਤੇ 2016 ਦੇ ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਨਿਵਾਜਿਆ ਗਿਆ।
ਇਸ ਮੌਕੇ ਡਾ. ਤਨਾਇਆ ਮਿਸ਼ਰਾ ਨੇ ਆਪਣੇ ਕਾਨਵੋਕੇਸ਼ਨ ਦੇ ਭਾਸ਼ਣ ਦੌਰਾਨ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਆਖਿਆ ਕਿ ਪੜ੍ਹਾਈ ਦੌਰਾਨ ਪ੍ਰਾਪਤ ਕੀਤਾ ਗਿਆਨ ਹਮੇਸ਼ਾਂ ਲਈ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੱੁਕਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਗਿਆਨ ਹੁਣ ਦੇਸ਼, ਦੁਨੀਆਂ ਅਤੇ ਸਮਾਜ ਦਾ ਸਰਮਾਇਆ ਹੈ, ਇਸ ਲਈ ਸਮਾਜ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਇਸ ਗਿਆਨ ਦਾ ਲਾਭ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਅਤੇ ਕਾਲਜ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਪੜ੍ਹਾਈ ਤੋਂ ਬਾਅਦ ਹਾਸਲ ਕੀਤੀ ਰਸਮੀ ਡਿਗਰੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਜ਼ਰੂਰ ਹੈ, ਪਰ ਇਹ ਗਿਆਨ ਦਾ ਆਖਰੀ ਮੁਕਾਮ ਨਹੀਂ ਹੈ। ਉਨ੍ਹਾਂ ਡਿਗਰੀ ਹੋਲਡਰਾਂ ਨੂੰ ਕਾਲਜ ਦੇ ਟੈਕਨੀਕਲ ਬ੍ਰਾਂਡ ਅੰਬੈਸਡਰ ਦੱਸਦੇ ਹੋਏ ਕਿਹਾ ਕਿ ਵਿਸ਼ਵ ਪੱਧਰ ’ਤੇ ਉੱਚੇ ਮੁਕਾਮ ਹਾਸਲ ਕਰਨ ਲਈ ਉਨ੍ਹਾਂ ਨੂੰ ਆਪਣੇ ਪ੍ਰੋਫੈਸ਼ਨਲ ਜੀਵਨ ਦੇ ਤਜ਼ਰਬਿਆਂ ਦਾ ਵੀ ਭਰਪੂਰ ਲਾਹਾ ਲੈਣਾ ਚਾਹੀਦਾ ਹੈ।
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗਿਆਨ ਨਾਲ ਜੁੜੇ ਰਹਿਣਾ ਸਮੇਂ ਦੀ ਪ੍ਰਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸੀ.ਜੀ.ਸੀ. ਲਾਂਡਰਾਂ ਕਿੱਤਾਮੁਖੀ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਨਾ ਕੇਵਲ ਡਿਗਰੀ ਪ੍ਰਦਾਨ ਕਰਨ ਤੱਕ ਸੀਮਿਤ ਹੈ ਬਲਕਿ ਉਨ੍ਹਾਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਅਨੁਸਾਰ ਤਿਆਰ ਕਰਨ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਪਿਛਲੇ ਵਰ੍ਹੇ ਦੌਰਾਨ ਜਿੱਥੇ 350 ਤੋਂ ਵੱਧ ਬਹੁ-ਕੌਮੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ ਲਈ ਬੁਲਾ ਕੇ ਆਪਣੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਬਿਹਤਰੀਨ ਅਵਸਰ ਮੁਹੱਈਆ ਕਰਵਾਉਣ ਪ੍ਰਤੀ ਆਪਣੀ ਸੰਜੀਦਗੀ ਦਾ ਬਿਹਤਰੀਨ ਸਬੂਤ ਪੇਸ਼ ਕੀਤਾ ਹੈ, ਉੱਥੇ ਹੀ ਆਪਣੇ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਖੇਤਰ ’ਚ ਕੈਰੀਅਰ ਦੇ ਢੁੱਕਵੇਂ ਮੌਕੇ ਦੇਣ ਲਈ ਬਿਜ਼ਨਸ ਇਨਕੂਬੇਟਰ ਦੀ ਸਥਾਪਨਾ ਜਿਹੇ ਉੱਦਮਾਂ ਨਾਲ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਸ ਮੌਕੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਦੇ ਅਧਿਆਪਕਾਂ ਅਤੇ ਮੁਖੀਆਂ ਤੋਂ ਇਲਾਵਾ ਸੀ.ਜੀ.ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਉਪ-ਕੁਲਪਤੀ ਡਾ. ਬੀ. ਐੱਸ. ਸੋਹੀ, ਸੀ.ਜੀ.ਸੀ. ਝੰਜੇੜੀ ਦੇ ਡਾਇਰੈਕਟਰ ਜਨਰਲ ਡਾ. ਜੀ.ਡੀ. ਬਾਂਸਲ ਅਤੇ ਡਾਇਰੈਕਟਰ ਕਾਰਪੋਰੇਟ ਰਿਲੇਸ਼ਨਜ਼ ਹਿਮਾਨੀ ਸੂਦ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…