
ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਮੁਹਾਲੀ ਪੁਲੀਸ ਨੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਵਰਗਲਾ ਕੇ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਸ਼ਰ੍ਹੇਆਮ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਮਰ ਸਿੰਘ ਤੇ ਸੀਮਾ ਦੋਵੇਂ ਵਾਸੀ ਖਰੜ ਅਤੇ ਹਰਪ੍ਰੀਤ ਸਿੰਘ ਪਿੰਡ ਖੇੜਾ ਗੱਜੂ (ਰਾਜਪੁਰਾ) ਦੇ ਖ਼ਿਲਾਫ਼ ਧਾਰਾ 406, 420 ਅਤੇ 120-ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪੀੜਤ ਲੜਕੀ ਕਾਜਲ ਪ੍ਰੀਤ ਵਾਸੀ ਮਾਡੀ ਸਬਰਾ (ਹਰਿਆਣਾ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਉਹ ਇਸ ਸਮੇਂ ਇੱਥੋਂ ਦੇ ਫੇਜ਼-10 ਵਿੱਚ ਰਹਿੰਦੀ ਹੈ।
ਪੀੜਤ ਲੜਕੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਬੀਬੀਆਈ ਦੀ ਟਰੇਨਿੰਗ ਹਾਸਲ ਕਰਨ ਲਈ ਮੁਹਾਲੀ ਆਈ ਸੀ। ਬੀਤੀ 4 ਅਕਤੂਬਰ ਨੂੰ ਉਸ ਨੇ ਵਰੁਣ ਸਟਾਰ ਸਰਵਿਸ ਕੰਪਨੀ ਫੇਜ਼-2 ਨਾਲ ਸੰਪਰਕ ਕੀਤਾ ਸੀ। ਜਿੱਥੇ ਉਸ ਦੀ ਹਰਪ੍ਰੀਤ ਸਿੰਘ ਉਰਫ਼ ਰੋਹਿਤ, ਅਨੁਸ਼ਕਾ ਉਰਫ਼ ਸੀਮਾ ਅਤੇ ਅਮਰ ਸਿੰਘ ਨਾਲ ਗੱਲਬਾਤ ਹੋਈ ਸੀ। ਇਨ੍ਹਾਂ ਨੇ ਉਸ ਨੂੰ ਟਰੇਨਿੰਗ ਕਰਵਾਉਣ ਉਪਰੰਤ ਸਰਕਾਰੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ। ਕੰਪਨੀ ਪ੍ਰਬੰਧਕਾਂ ਨੇ ਉਸ ਸਮੇਤ ਉਸ ਦੀ ਸਹੇਲੀ ਨਿਸ਼ਾ ਤੋਂ ਟਰੇਨਿੰਗ ਲਈ 1000-1000 ਰੁਪਏ ਦਾਖਲਾ ਫੀਸ ਲਈ। ਬਾਅਦ ਵਿੱਚ ਉਨ੍ਹਾਂ ਤੋਂ 10-10 ਹਜ਼ਾਰ ਰੁਪਏ ਹੋਰ ਲਏ ਗਏ। ਇਸ ਤੋਂ ਇਲਾਵਾ ਉਨ੍ਹਾਂ ਤੋਂ 33 ਹਜ਼ਾਰ ਰੁਪਏ ਦੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ 7-7 ਹਜ਼ਾਰ ਰੁਪਏ ਹੋਰ ਲਏ ਗਏ।
ਇਸ ਸਬੰਧੀ ਕੰਪਨੀ ਵੱਲੋਂ ਉਨ੍ਹਾਂ ਨੂੰ ਇੰਟਰਵਿਊ ਲਈ ਨਿੱਝਰ ਚੌਕ ਖਰੜ ਸਥਿਤ ਇਕ ਫਾਈਨਾਂਸ ਕੰਪਨੀ ਅਤੇ ਸੈਕਟਰ-65 ਵਿੱਚ ਭੇਜਿਆ ਗਿਆ। ਇਸ ਮਗਰੋਂ ਕੰਪਨੀ ਨੇ ਹੋਰ ਚੰਗੀ ਕੰਪਨੀਆਂ ਵਿੱਚ ਨੌਕਰੀ ਦਿਵਾਉਣ ਲਈ 15-15 ਹਜ਼ਾਰ ਰੁਪਏ ਹੋਰ ਵਸੂਲੇ ਗਏ, ਪ੍ਰੰਤੂ ਕੰਪਨੀ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਦਵਾਈ। ਬਾਅਦ ਵਿੱਚ ਕੰਪਨੀ ਵਾਲਿਆਂ ਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਨੇ ਦੱਸਿਆ ਕਿ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।