ਮੁਹਾਲੀ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ 3 ਕਰੋੜ ਜਾਰੀ: ਆਸ਼ਿਕਾ ਜੈਨ

ਨੁਕਸਾਨੇ ਘਰਾਂ ਦੇ ਮੁਆਵਜ਼ੇ ਲਈ ਪੀੜਤਾਂ ਨੂੰ 1.30 ਕਰੋੜ ਵੰਡੇ, ਫ਼ਸਲੀ ਖ਼ਰਾਬੇ ਲਈ 1.70 ਕਰੋੜ ਵੰਡੇ ਜਾਣਗੇ

ਪਿੰਡਾਂ ਵਿੱਚ ਲਾਲ ਲਕੀਰ ’ਚ ਆਉਂਦੇ ਮਕਾਨਾਂ ਦੇ ਮਾਲਕੀ ਦਸਤਾਵੇਜ਼ ਤਿਆਰ ਕਰਨ ਦੀ ਕਾਰਵਾਈ ਤੇਜ਼

ਨਬਜ਼-ਏ-ਪੰਜਾਬ, ਮੁਹਾਲੀ, 23 ਅਗਸਤ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਕਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੁਹਾਲੀ ਜ਼ਿਲ੍ਹੇ ਦੇ ਪੀੜਤਾਂ ਦੀ ਮਦਦ ਲਈ ਹੁਣ ਤੱਕ 3 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਕਰੀਬ 1.30 ਕਰੋੜ ਰੁਪਏ ਮਕਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਦਿੱਤੇ ਜਾ ਚੁੱਕੇ ਹਨ। ਜਦੋਂਕਿ ਫ਼ਸਲਾਂ ਦੇ ਖ਼ਰਾਬੇ ਦੀ ਭਰਪਾਈ ਲਈ 1.70 ਕਰੋੜ ਹੜ੍ਹ ਪੀੜਤ ਕਿਸਾਨਾਂ ਨੂੰ ਦੇਣ ਦੀ ਪ੍ਰਕਿਰਿਆ ਜਾਰੀ ਹੈ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਡੀਸੀ ਨੇ ਪੇਂਡੂ ਰਿਹਾਇਸ਼ੀ ਖੇਤਰਾਂ ਵਿੱਚ ਘਰਾਂ ਦੀਆਂ ਰਜਿਸਟਰੀਆਂ ਸਬੰਧੀ ਸਵਾਮਿਤਵਾ ਸਕੀਮ ਦਾ ਮੁਲਾਂਕਣ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਵਿੱਚ ਆਉਂਦੇ ਮਕਾਨਾਂ ਦੀ ਮਾਲਕੀ ਦੇ ਦਸਤਾਵੇਜ਼ ਤਿਆਰ ਕਰਨ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ। ਹੁਣ ਤੱਕ ਮੁਹਾਲੀ ਜ਼ਿਲ੍ਹੇ ਦੇ 225 ਪਿੰਡਾਂ ਦਾ ਡਰੋਨ ਸਰਵੇਖਣ ਕਰ ਕੇ 155 ਪਿੰਡਾਂ ਦੇ ਨਕਸ਼ੇ ਜਾਰੀ ਹੋ ਚੁੱਕੇ ਹਨ ਤੇ ਅਗਲੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀ ਆਪਣੇ ਫੀਲਡ ਵਿਚਲੇ ਦੌਰਿਆਂ ਦੀ ਅਗਾਊਂ ਜਾਣਕਾਰੀ ਲੋਕਾਂ ਨੂੰ ਦੇਣੀ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮਾਂ ਸਬੰਧੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਪਟਵਾਰੀ ਆਪਣੇ ਫੀਲਡ ਦੇ ਦੌਰੇ ਸਰਕਲ ਰੈਵੀਨਿਊ ਅਫ਼ਸਰਾਂ (ਸੀਆਰਓਜ਼) ਦੀਆਂ ਹਦਾਇਤਾਂ ਮੁਤਾਬਕ ਉਲੀਕਣ।
ਸ੍ਰੀਮਤੀ ਜੈਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਕਾਇਆ ਇੰਤਕਾਲ ਜਲਦੀ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇੰਤਕਾਲ ਸਬੰਧੀ ਪੋਰਟਲ ਲੌਗਇਨ ਵਧਾ ਕੇ ਬਕਾਇਆ ਇੰਤਕਾਲਾਂ ਦਾ ਕੰਮ ਜਲਦ ਪੂਰਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀ ਸਮਾਂਬੱਧ ਢੰਗ ਨਾਲ ਆਪਣੀਆਂ ਪ੍ਰਗਤੀ ਰਿਪੋਰਟਾਂ ਦੇਣੀਆਂ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਮੁਤਾਬਕ ਕਾਰਡ ਜਾਰੀ ਕਰਨ ਦੀ ਪ੍ਰਣਾਲੀ ਤਹਿਤ ਉਨ੍ਹਾਂ ਦੀ ਇਸ ਮਹੀਨੇ ਦੀ ਕਾਰਗੁਜ਼ਾਰੀ ਦੇਖੀ ਜਾ ਰਹੀ ਹੈ।
ਅੌਸਤ ਤੋਂ ਘੱਟ ਕਾਰਗੁਜ਼ਾਰੀ ਨੂੰ ਪੀਲਾ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਜੇਕਰ ਸਬੰਧਤ ਕਰਮਚਾਰੀ ਕੋਈ ਮਹੱਤਵਪੂਰਨ ਸੁਧਾਰ ਨਹੀਂ ਦਿਖਾਉਂਦਾ ਤਾਂ ਉੁਸ ਨੂੰ ਲਾਲ ਕਾਰਡ ਜਾਰੀ ਕਰਦੇ ਹੋਏ ਉਸ ਦੀ ਸਾਲਾਨਾ ਗੁਪਤ ਰਿਪੋਰਟ (ਏਸੀਆਰ) ਵਿੱਚ ਇਸ ਬਾਰੇ ਪ੍ਰੇਖਣ ਦਰਜ ਕੀਤਾ ਜਾਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਮਾਲ ਵਿਭਾਗ ਨਾਲ ਸਬੰਧਤ 1 ਸਾਲ ਤੋਂ ਪਹਿਲਾਂ ਦੇ ਕੇਸ ਹਰ ਹਾਲ ਪ੍ਰਮੁੱਖਤਾ ਨਾਲ ਨਿਬੇੜੇ ਜਾਣ। ਜਿਹੜੇ ਕੇਸਾਂ ਦਾ ਨਿਪਟਾਰਾ ਨਹੀਂ ਹੋਵੇਗਾ, ਉਸ ਅਧਿਕਾਰੀ ਤੋਂ ਉਹ ਖ਼ੁਦ ਸਪੱਸ਼ਟੀਕਰਨ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਈ-ਸੇਵਾ ਸਬੰਧੀ ਬਕਾਇਆ ਕਾਰਜ ਜਲਦ ਤੋਂ ਜਲਦ ਨਿਪਟਾਏ ਜਾਣ।
ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਮੱਦੇਨਜ਼ਰ ਨਵੇਂ ਸੇਵਾ ਕੇਂਦਰਾਂ ਦੀ ਸਥਾਪਤੀ ਸਬੰਧੀ ਕਾਰਵਾਈ ਤੇਜ਼ ਕੀਤੀ ਜਾਵੇ। ਉਨ੍ਹਾਂ ਨੇ ਉਪ ਮੰਡਲ ਮੈਜਿਸਟਰੇਟ ਨੂੰ ਇਸ ਬਾਬਤ ਪ੍ਰਸਤਾਵ ਭੇਜਣ ਨੂੰ ਕਿਹਾ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਰਿਕਵਰੀਆਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਨਾਜਾਇਜ਼ ਮਾਈਨਿੰਗ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਏਡੀਸੀ (ਜਨਰਲ) ਵਿਰਾਜ ਐੱਸ ਤਿੜਕੇ, ਐੱਸਡੀਐਮ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਸੀਐਮਐੱਫ਼ਓ ਇੰਦਰਪਾਲ, ਸਹਾਇਕ ਕਮਿਸ਼ਨਰ ਸ੍ਰੀਮਤੀ ਹਰਜੋਤ ਕੌਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਬੈਨੀਪਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …