ਸੜਕ ਹਾਦਸੇ ਵਿੱਚ 3 ਵਿਅਕਤੀਆਂ ਦੀ ਦਰਦਨਾਕ ਮੌਤ, ਕੈਬ ਚਾਲਕ ਸਣੇ 3 ਗੰਭੀਰ ਜ਼ਖ਼ਮੀ

ਹਾਦਸਾਗ੍ਰਸਤ ਮਰਸੀਡੀਜ਼ ਕਾਰ ’ਚੋਂ ਸ਼ਰਾਬ ਤੇ ਬੀਅਰ ਦੀਆਂ ਖਾਲੀ ਬੋਤਲਾਂ ਮਿਲੀਆਂ

ਰਾਤ ਦੀ ਡਿਊਟੀ ਖ਼ਤਮ ਕਰਕੇ ਸਵੇਰੇ ਵਾਪਸ ਘਰ ਜਾ ਰਹੇ ਸੀ ਧਰਮਪ੍ਰੀਤ ਸਿੰਘ ਤੇ ਆਕੁੰਸ਼ ਨਰੂਲਾ

ਕੈਬ ਨੂੰ ਟੱਕਰ ਮਾਰਨ ਤੋਂ ਬੇਕਾਬੂ ਹੋਈ ਮਰਸੀਡੀਜ਼ ਕਾਰ ਨੇ ਦੋ ਸਾਈਕਲ ਸਵਾਰਾਂ ਨੂੰ ਵੀ ਮਾਰੀ ਟੱਕਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਇੱਥੋਂ ਦੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਧਰਮਪ੍ਰੀਤ ਸਿੰਘ (22) ਵਾਸੀ ਘੋਲੂਮਾਜਰਾ (ਡੇਰਾਬੱਸੀ) ਅਤੇ ਰਾਮ ਪ੍ਰਸ਼ਾਦ (45) ਵਾਸੀ ਪਿੰਡ ਮਟੌਰ (ਮੁਹਾਲੀ) ਅਤੇ ਆਕੁੰਸ਼ ਨਰੂਲਾ (29) ਵਾਸੀ ਜ਼ੀਰਕਪੁਰ ਵਜੋਂ ਹੋਈ ਹੈ ਜਦੋਂਕਿ ਪ੍ਰਦੀਪ ਕੁਮਾਰ ਵਾਸੀ ਪਿੰਡ ਘੋਲੂਮਾਜਰਾ ਅਤੇ ਕੈਬ ਚਾਲਕ ਹਰੀਸ਼ ਕੁਮਾਰ ਅਤੇ ਸਾਈਕਲ ਸਵਾਰ ਸ੍ਰੀਪਾਲ ਵਾਸੀ ਪਿੰਡ ਮਟੌਰ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਧਰਮਪ੍ਰੀਤ ਸਿੰਘ ਅਤੇ ਆਕੁੰਸ਼ ਨਰੂਲਾ ਮੁਹਾਲੀ ਸਥਿਤ ਅਮਰੀਕਾ ਦੀ ਨਾਮੀ ਕੰਪਨੀ ਵਿੱਚ ਮੈਡੀਕਲ ਬਿੱਲਾਂ ਦਾ ਕੰਮ ਕਰਦੇ ਸੀ ਅਤੇ ਕੰਪਨੀ ਦੀ ਕੈਬ ਵਿੱਚ ਰੋਜ਼ਾਨਾ ਘਰ ਤੋਂ ਡਿਊਟੀ ’ਤੇ ਆਉਂਦੇ ਅਤੇ ਜਾਂਦੇ ਸੀ।
ਇਸ ਸਬੰਧੀ ਉਕਤ ਕੰਪਨੀ ਵਿੱਚ ਨੌਕਰੀ ਕਰਦੇ ਅਤੇ ਮੌਕਾ ਦੇ ਗਵਾਹ ਨਰੇਸ਼ ਕੁਮਾਰ ਵਾਸੀ ਗੋਬਿੰਦ ਵਿਹਾਰ, ਪਿੰਡ ਦਫਰਪੁਰ (ਡੇਰਾਬੱਸੀ) ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮਟੌਰ ਥਾਣੇ ਵਿੱਚ ਮਰਸੀਡੀਜ ਕਾਰ ਦੇ ਚਾਲਕ ਖ਼ਿਲਾਫ਼ ਧਾਰਾ 279,337,304ਏ ਅਤੇ 427 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੌਕੇ ’ਤੇ ਮੌਜੂਦ ਕੰਪਨੀ ਦੇ ਬਾਕੀ ਕਰਮਚਾਰੀਆਂ ਨੇ ਦੱਸਿਆ ਕਿ ਹਾਦਸਾਗ੍ਰਸਤ ਮਰਸੀਡੀਜ਼ ਕਾਰ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਵੀ ਮਿਲੀਆਂ ਹਨ। ਜਿਸ ਤੋਂ ਇੰਜ ਜਾਪਦਾ ਹੈ ਕਿ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਉਸ ਦੇ ਦੋ ਹੋਰ ਸਾਥੀ ਸ਼ਰਾਬ ਦੇ ਨਸ਼ੇ ਵਿੱਚ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਧਰਮਪ੍ਰੀਤ ਸਿੰਘ ਰਾਤ ਦੀ ਡਿਊਟੀ ਖ਼ਤਮ ਕਰਕੇ ਅੱਜ ਸਵੇਰੇ ਤੜਕੇ 5 ਵਜੇ ਕੰਪਨੀ ਦੀ ਕੈਬ ਵਿੱਚ ਆਪਣੇ ਸਾਥੀ ਕਰਮਚਾਰੀਆਂ ਨਾਲ ਵਾਪਸ ਘਰ ਜਾ ਰਿਹਾ ਸੀ ਕਿ ਜਦੋਂ ਉਹ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਪਹੁੰਚੇ ਤਾਂ ਆਈਵੀਵਾਈ ਹਸਪਤਾਲ ਵਾਲੇ ਪਾਸਿਓਂ ਤੇਜ ਰਫ਼ਤਾਰ ਆ ਰਹੀ ਇਕ ਕਾਲੇ ਰੰਗ ਦੀ ਮਰਸੀਡੀਜ਼ ਕਾਰ ਨੇ ਉਨ੍ਹਾਂ ਦੀ ਕੈਬ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ਕਾਰਨ ਧਰਮਪ੍ਰੀਤ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕੈਬ ਚਾਲਕ ਹਰੀਸ਼ ਕੁਮਾਰ ਸਮੇਤ ਸਾਥੀ ਕਰਮਚਾਰੀ ਪ੍ਰਦੀਪ ਸਿੰਘ ਅਤੇ ਆਕੁੰਸ਼ ਨਰੂਲਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਇਸੇ ਦੌਰਾਨ ਬੇਕਾਬੂ ਹੋਈ ਮਰਸੀਡੀਜ਼ ਕਾਰ ਨੇ ਸੜਕ ਤੋਂ ਲੰਘ ਰਹੇ ਦੋ ਸਾਈਕਲ ਸਵਾਰਾਂ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ। ਜਿਨ੍ਹਾਂ ਚੋਂ ਰਾਮ ਪ੍ਰਸ਼ਾਦ ਦੀ ਮੌਤ ਹੋ ਗਈ ਅਤੇ ਸ੍ਰੀਪਾਲ ਜ਼ਖ਼ਮੀ ਹੋ ਗਿਆ। ਸ਼ਾਮ ਨੂੰ ਆਈਵੀਵਾਈ ਹਸਪਤਾਲ ਵਿੱਚ ਜੇਰੇ ਇਲਾਜ ਆਕੁੰਸ਼ ਨਰੂਲਾ ਨੇ ਵੀ ਦਮ ਤੋੜ ਦਿੱਤਾ। ਕੈਬ ਚਾਲਕ ਹਰੀਸ਼ ਕੁਮਾਰ ਅਤੇ ਸਾਈਕਲ ਸਵਾਰ ਸ੍ਰੀਪਾਲ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਹਸਪਤਾਲ ਵਿੱਚ ਰੇਫਰ ਕੀਤਾ ਗਿਆ ਹੈ।
ਉਧਰ, ਸ਼ਾਮ ਨੂੰ ਸਰਕਾਰੀ ਹਸਪਤਾਲ ਵਿੱਚ ਡਾ. ਸੰਦੀਪ ਸਿੰਘ ਵੱਲੋਂ ਮ੍ਰਿਤਕ ਧਰਮਪ੍ਰੀਤ ਸਿੰਘ ਦਾ ਪੋਸਟ ਮਾਰਟਮ ਕੀਤਾ ਗਿਆ। ਦੇਰ ਸ਼ਾਮ ਪਿੰਡ ਘੋਲੂਮਾਜਰਾ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਜਦੋਂਕਿ ਆਕੁੰਸ਼ ਨਰੂਲਾ ਅਤੇ ਰਾਮ ਪ੍ਰਸ਼ਾਦ ਦਾ ਭਲਕੇ ਐਤਵਾਰ ਨੂੰ ਪੋਸਟ ਮਾਰਟਮ ਕੀਤਾ ਜਾਵੇਗਾ। ਪੁਲੀਸ ਅਨੁਸਾਰ ਹਾਦਸੇ ਤੋਂ ਬਾਅਦ ਮਰਸੀਡੀਜ਼ ਕਾਰ ਦਾ ਚਾਲਕ ਅਤੇ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ।

Load More Related Articles
Load More By Nabaz-e-Punjab
Load More In Accident

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…