
ਘਰਾਂ ਤੇ ਦੁਕਾਨਾਂ ਨੂੰ ਅਣਅਧਿਕਾਰਤ ਦੱਸ ਕੇ ਭੇਜੇ ਨੋਟਿਸ ਦੇ ਜਵਾਬ ਲਈ 3 ਮਹੀਨੇ ਦਾ ਸਮਾਂ ਮੰਗਿਆ
ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ, ਆਗੂਆਂ ਤੇ ਕੌਂਸਲਰਾਂ ਨੇ ਮੇਅਰ ਨਾਲ ਕੀਤੀ ਮੁਲਾਕਾਤ
ਬਾਕਸ ਆਈਟਮ: ਸ਼ਹਿਰੀ ਪਿੰਡਾਂ ਦੇ ਬਾਸ਼ਿੰਦਿਆਂ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ: ਜੀਤੀ ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਨੂੰ ਨੋਟਿਸ ਭੇਜਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਵੱਖ-ਵੱਖ ਸਿਆਸੀ ਆਗੂਆਂ, ਪਿੰਡ ਵਾਸੀਆਂ ਅਤੇ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆਂ ਅਤੇ ਨਿਗਮ ਵੱਲੋਂ ਪਿੰਡ ਵਾਸੀਆਂ ਨੂੰ ਅਣਅਧਿਕਾਰਤ ਉਸਾਰੀਆਂ ਸਬੰਧੀ ਭੇਜੇ ਰਹੇ ਨੋਟਿਸਾਂ ਦਾ ਜਵਾਬ ਦੇਣ ਲਈ ਤਿੰਨ ਮਹੀਨੇ ਦੀ ਮੋਹਲਤ ਮੰਗੀ ਗਈ।
ਮੇਅਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਸ਼ਮਸ਼ੇਰ ਸਿੰਘ ਪੁਰਖਾਲਵੀ, ਕਾਂਗਰਸੀ ਕੌਂਸਲਰ ਹਰਜੀਤ ਸਿੰਘ ਭੋਲੂ, ਜਗਦੀਸ਼ ਸਿੰਘ ਜੱਗਾ, ਸੁੱਚਾ ਸਿੰਘ ਕਲੋੜ, ਬਲਜੀਤ ਕੌਰ, ਤੇ ਰਵਿੰਦਰ ਸਿੰਘ, ਸਮਾਜ ਸੇਵੀ ਨਛੱਤਰ ਸਿੰਘ ਮੁਹਾਲੀ ਪਿੰਡ, ਜਤਿੰਦਰ ਆਨੰਦ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਜਰਨੈਲ ਸਿੰਘ ਕ੍ਰਾਂਤੀ ਸਮੇਤ ਹੋਰ ਆਗੂ ਸ਼ਾਮਲ ਹਨ। ਉਨ੍ਹਾਂ ਮੇਅਰ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਇਤਿਹਾਸਕ ਨਗਰ ਸੋਹਾਣਾ ਸਮੇਤ ਪਿੰਡ ਸ਼ਾਹੀਮਾਜਰਾ, ਮਦਨਪੁਰਾ, ਕੁੰਭੜਾ, ਸੋਹਾਣਾ, ਮਟੌਰ ਅਤੇ ਪਿੰਡ ਮੁਹਾਲੀ ਵਾਸੀਆਂ ਨੂੰ ਬਿਲਡਿੰਗ ਸ਼ਾਖਾ ਵੱਲੋਂ ਨੋਟਿਸ ਭੇਜ ਕੇ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਅਣਅਧਿਕਾਰਤ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਮੇਅਰ ਨੂੰ ਅਪੀਲ ਕੀਤੀ ਕਿ ਪਿੰਡ ਵਾਸੀਆਂ ਨੂੰ ਘਰਾਂ ਅਤੇ ਦੁਕਾਨਾਂ ਬਾਰੇ ਨੋਟਿਸ ਦਾ ਜਾਵਬ ਦੇਣ ਲਈ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇ।
ਮੇਅਰ ਜੀਤੀ ਸਿੱਧੂ ਨੇ ਪਿੰਡ ਵਾਸੀਆਂ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਦੀ ਵਿਸ਼ੇਸ਼ ਮੀਟਿੰਗ ਸੱਦੀ ਜਾਵੇਗੀ। ਉਨ੍ਹਾਂ ਲੋਕਾਂ ਦੀ ਇਸ ਮੰਗ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਪਿੰਡਾਂ ਦਾ ਇਹ ਮਸਲਾ ਬਹੁਤ ਪੁਰਾਣਾ ਹੈ, ਇਸ ਦੇ ਹੱਲ ਲਈ ਮੁਹਾਲੀ ਨਗਰ ਨਿਗਮ ਦੀ ਜਲਦੀ ਮੀਟਿੰਗ ਸੱਦ ਕੇ ਹਾਊਸ ਵਿੱਚ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਕੇ ਇਸ ਦਾ ਸਥਾਈ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋਕਹਿੱਤ ਵਿੱਚ ਹੀ ਫ਼ੈਸਲਾ ਲਿਆ ਜਾਵੇਗਾ।