
ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 30 ਹੋਰ ਨਵੇਂ ਕੇਸ ਸਾਹਮਣੇ ਆਏ, 26 ਮਰੀਜ਼ਾਂ ਨੂੰ ਮਿਲੀ ਛੁੱਟੀ
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 989 ’ਤੇ ਪੁੱਜੀ, ਇਸ ਸਮੇਂ 393 ਕੇਸ ਐਕਟਿਵ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਮੁਹਾਲੀ ਜ਼ਿਲ੍ਹੇ ਵਿੱਚ ਅੱਜ 30 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 989 ’ਤੇ ਪਹੁੰਚ ਗਈ ਹੈ। ਪਿਛਲੇ 22 ਦਿਨਾਂ ਵਿੱਚ 596 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 26 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ ਜਦੋਂਕਿ ਹੁਣ ਤੱਕ 17 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਵਿੱਚ 48 ਸਾਲਾ ਅੌਰਤ, ਫੇਜ਼-7 ਵਿੱਚ 34 ਸਾਲਾ ਪੁਰਸ਼, ਫੇਜ਼-10 ਵਿੱਚ 41 ਸਾਲਾ ਪੁਰਸ਼, ਸੈਕਟਰ-66 ਵਿੱਚ 41 ਸਾਲਾ ਪੁਰਸ਼, ਸੈਕਟਰ-71 ਵਿੱਚ 49 ਸਾਲਾ ਪੁਰਸ਼, ਸੈਕਟਰ-79 ਵਿੱਚ 11 ਸਾਲ ਦਾ ਲੜਕਾ, ਸੈਕਟਰ-80 ਵਿੱਚ 31 ਸਾਲਾ ਪੁਰਸ਼, ਜੁਝਾਰ ਨਗਰ (ਨੇੜੇ ਦਾਰਾ ਸਟੂਡੀਓ) ਵਿੱਚ 23 ਸਾਲਾ ਲੜਕੀ ਅਤੇ 65 ਸਾਲਾ ਪੁਰਸ਼ ਅਤੇ ਨਵਾਂ ਗਾਉਂ ਵਿੱਚ 33 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇੰਜ ਹੀ ਖਰੜ ਵਿੱਚ 40 ਸਾਲ, 42 ਸਾਲ, 43 ਸਾਲ ਦੇ ਪੁਰਸ਼, ਕੁਰਾਲੀ ਵਿੱਚ 56 ਸਾਲਾ ਪੁਰਸ਼, ਢਕੋਲੀ ਵਿੱਚ 88 ਸਾਲਾ ਬਜ਼ੁਰਗ ਅੌਰਤ ਸਣੇ 34 ਸਾਲਾ ਤੇ 49 ਸਾਲਾ ਪੁਰਸ਼, ਬਲਟਾਣਾ ਵਿੱਚ 50 ਸਾਲਾ ਅੌਰਤ ਤੇ 54 ਸਾਲਾ ਪੁਰਸ਼, ਪੀਰਮੁਛੱਲਾ ਵਿੱਚ 53 ਸਾਲਾ ਅੌਰਤ, ਡੇਰਾਬੱਸੀ ਵਿੱਚ 22 ਸਾਲਾ ਤੇ 26 ਸਾਲ ਅਤੇ 28 ਸਾਲਾ ਨੌਜਵਾਨ, 33 ਸਾਲ, 40 ਸਾਲ ਪੁਰਸ਼ ਅਤੇ 45 ਸਾਲਾ ਅੌਰਤ, ਨਗਲਾ ਵਿੱਚ 81 ਸਾਲਾ ਬਜ਼ੁਰਗ ਅਤੇ ਲਾਲੜੂ ਵਿੱਚ 24 ਸਾਲਾ ਨੌਜਵਾਨ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ। ਉਧਰ, ਮੁਹਾਲੀ, ਸੋਹਾਣਾ, ਖਰੜ, ਜ਼ੀਰਕਪੁਰ, ਕੁਰਾਲੀ, ਡੇਰਾਬੱਸੀ ਨਾਲ ਸਬੰਧਤ 26 ਕਰੋਨਾ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪੋ ਆਪਣੇ ਘਰਾਂ ਵਿੱਚ ਪਰਤ ਆਏ ਹਨ। ਅੱਜ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 989 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 579 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 393 ਨਵੇਂ ਕੇਸ ਐਕਟਿਵ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਥਾਵਾਂ ’ਤੇ ਲੋਕਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਨੋਟਿਸ ਵੀ ਚਿਪਕਾਏ ਗਏ ਹਨ।