
ਕਰੋਨਾਵਾਇਰਸ: ਮੁਹਾਲੀ ਦੀ ਮਹਿਲਾ ਜੱਜ ਸਮੇਤ 31 ਨਵੇਂ ਮਾਮਲੇ ਸਾਹਮਣੇ ਆਏ
ਮੁਹਾਲੀ ਵਿੱਚ ਪੀੜਤਾਂ ਦੀ ਗਿਣਤੀ 423 ’ਤੇ ਪੁੱਜੀ, 145 ਕੇਸ ਐਕਟਿਵ, 7 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ। ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕਰੋਨਾਵਾਇਰਸ ਦੇ 31 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 423 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚ 145 ਨਵੇਂ ਕੇਸ ਐਕਟਿਵ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ 32 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 14 ਅੌਰਤਾਂ ਅਤੇ 4 ਸਾਲ ਤੇ 11 ਸਾਲ ਦੇ ਦੋ ਬੱਚੇ ਸ਼ਾਮਲ ਹਨ।
ਉਧਰ, ਮੁਹਾਲੀ ਦੀ ਇਕ ਮਹਿਲਾ ਜੱਜ ਦੇ ਕਰੋਨਾ ਸੈਂਪਲ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਦਫ਼ਤਰੀ ਸਟਾਫ਼ ਨੂੰ ਵੀ ਇਕਾਂਤਵਾਸ ਵਿੱਚ ਭੇਚਿਆ ਗਿਆ ਹੈ ਅਤੇ ਪਿਛਲੇ ਦਿਨਾਂ ਦੌਰਾਨ ਮਹਿਲਾ ਜੱਜ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁਹਾਲੀ ਦੀ ਇਕ ਜੱਜ ਇਕਾਂਤਵਾਸ ਵਿੱਚ ਚਲੀ ਗਈ ਸੀ। ਉਸ ਦਾ ਪਤੀ ਚੰਡੀਗੜ੍ਹ ਵਿੱਚ ਜੱਜ ਹੈ ਅਤੇ ਉਨ੍ਹਾਂ ਦੀ ਅਦਾਲਤ ਵਿੱਚ ਇਕ ਕਰੋਨਾ ਪੀੜਤ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਸੀ। ਪਿਛਲੀ ਦਿਨੀਂ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-3ਬੀ1 ਦੀ 38 ਸਾਲਾ ਅੌਰਤ, ਫੇਜ਼-3ਬੀ2 ਦਾ 45 ਸਾਲਾ ਪੁਰਸ਼, ਫੇਜ਼-4 ਦਾ 59 ਸਾਲਾ ਪੁਰਸ਼ ਅਤੇ 80 ਸਾਲ ਦੀ ਬਜ਼ੁਰਗ ਅੌਰਤ, ਫੇਜ਼-6 ਦਾ 64 ਸਾਲਾ ਬਜ਼ੁਰਗ, ਸੈਕਟਰ-88 ਦੀ 50 ਸਾਲਾ ਅੌਰਤ, ਸੈਕਟਰ-97 ਵਿੱਚ 35 ਸਾਲ ਤੇ 67 ਸਾਲਾ ਦੋਵੇਂ ਅੌਰਤਾਂ, ਸੈਕਟਰ-116 ਵਿੱਚ 4 ਸਾਲ ਦਾ ਬੱਚਾ ਤੇ 60 ਸਾਲ ਦੀ ਬਜ਼ੁਰਗ ਅੌਰਤ, ਪਿੰਡ ਕੁੰਭੜਾ ਦੀ 22 ਸਾਲਾ ਲੜਕੀ, ਬਲੌਂਗੀ ਦਾ 40 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਖਰੜ ਵਿੱਚ ਦੋ ਅੌਰਤਾਂ ਸਣੇ 5 ਵਿਅਕਤੀ, ਲਾਲੜੂ ਦੀਆਂ ਤਿੰਨ ਅੌਰਤਾਂ, ਪੀਰਮੁਛੱਲਾ ਵਿੱਚ ਦੋ ਅੌਰਤਾਂ ਸਣੇ ਛੇ ਵਿਅਕਤੀ ਅਤੇ ਡੇਰਾਬੱਸੀ ਵਿੱਚ 5 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 423 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 271 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 145 ਹੋ ਗਈ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।