Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 33 ਹੋਰ ਨਵੇਂ ਕੇਸ ਸਾਹਮਣੇ ਆਏ, 1 ਮਰੀਜ਼ ਦੀ ਮੌਤ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 643 ’ਤੇ ਪੁੱਜੀ, 231 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਆਈਟੀ ਮੁਹਾਲੀ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਵੀਰਵਾਰ ਨੂੰ 33 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 20 ਪੁਰਸ਼, 9 ਅੌਰਤਾਂ ਅਤੇ 4 ਬੱਚੇ ਸ਼ਾਮਲ ਹਨ। ਉਧਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸ਼ਹਿਰ ਵਿੱਚ ਸੈਕਟਰ-66 ਦੇ 55 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 643 ’ਤੇ ਪਹੁੰਚ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 13 ਮੌਤਾਂ ਹੋ ਚੁੱਕੀਆਂ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਰਹੇ ਹਨ। ਅੱਜ 20 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪੋ ਆਪਣੇ ਘਰ ਪਰਤ ਆਏ ਹਨ।
ਜਾਣਕਾਰੀ ਅਨੁਸਾਰ ਸੈਕਟਰ-66 ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚੰਨਣ ਸਿੰਘ ਦੇ ਬੇਟੇ ਸਤਵਿੰਦਰ ਸਿੰਘ (55) ਦੀ ਮੌਤ ਹੋ ਗਈ। ਮਰਨ ਤੋਂ ਬਾਅਦ ਉਸ ਦੀ ਅੱਜ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਿਆ ਗਿਆ ਹੈ ਕਿ ਉਹ ਕੁਝ ਦਿਨ ਪਹਿਲਾਂ ਦਿੱਲੀ ਗਿਆ ਸੀ ਅਤੇ ਵਾਪਸ ਆ ਕੇ ਬਿਮਾਰ ਹੋ ਗਿਆ। ਪਰਿਵਾਰਕ ਮੈਂਬਰ ਉਸ ਨੂੰ ਘਰ ਵਿੱਚ ਹੀ ਦਵਾਈ ਬੂਟੀ ਦਿੰਦੇ ਰਹੇ ਹਨ। ਪਿਛਲੇ ਦਿਨੀਂ ਉਹ ਅਚਾਨਕ ਘਰ ਵਿੱਚ ਹੀ ਡਿੱਗ ਪਿਆ ਸੀ। ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬੀਤੇ ਦਿਨੀਂ ਉਸ ਦੀ ਮੌਤ ਹੋ ਗਈ ਅਤੇ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ 33 ਨਵੇਂ ਕੇਸ ਸਾਹਮਣੇ ਆਏ ਹਨ। ਇੱਥੋਂ ਦੇ ਫੇਜ਼-3ਏ ਵਿੱਚ 28 ਸਾਲਾ ਨੌਜਵਾਨ, ਐਸਬੀਪੀ ਹੋਮਜ਼ ਸੈਕਟਰ-126 ਵਿੱਚ 14 ਸਾਲ, 22 ਸਾਲ ਤੇ 38 ਸਾਲ ਦੇ ਤਿੰਨ ਪੁਰਸ਼, ਫੇਜ਼-3ਬੀ1 ਵਿੱਚ 60 ਸਾਲਾ ਬਜ਼ੁਰਗ, ਫੇਜ਼-3ਬੀ2 ਵਿੱਚ 6 ਸਾਲ ਦੀ ਮਾਸੂਮ ਬੱਚੀ ਸਮੇਤ 14 ਸਾਲ ਦਾ ਲੜਕਾ ਅਤੇ 47 ਸਾਲ ਦਾ ਪੁਰਸ਼, ਸੈਕਟਰ-66 ਵਿੱਚ 52 ਸਾਲਾ ਪੁਰਸ਼, 24 ਸਾਲਾ ਨੌਜਵਾਨ ਤੇ 20 ਸਾਲ ਦੀ ਲੜਕੀ, ਫੇਜ਼-10 ਵਿੱਚ 36 ਸਾਲਾ ਪੁਰਸ਼, ਫੇਜ਼-5 ਵਿੱਚ 57 ਸਾਲ ਦੀ ਅੌਰਤ, ਫੇਜ਼-8 ਵਿੱਚ 12 ਸਾਲ ਦਾ ਬੱਚਾ ਅਤੇ ਸੈਕਟਰ-68 ਵਿੱਚ 52 ਸਾਲ ਦਾ ਪੁਰਸ਼, ਲਾਂਡਰਾਂ ਖਰੜ ’ਤੇ ਰਹਿੰਦੇ 30 ਸਾਲ ਦਾ ਪੁਰਸ਼ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।
ਇੰਜ ਹੀ ਐਲਆਈਸੀ ਕਲੋਨੀ ਖਰੜ ਵਿੱਚ 23 ਸਾਲ ਦਾ ਨੌਜਵਾਨ ਤੇ 50 ਸਾਲ ਦੀ ਅੌਰਤ, ਮੁੰਡੀ ਖਰੜ ਵਿੱਚ 17 ਸਾਲ ਦਾ ਨੌਜਵਾਨ, 20 ਸਾਲ ਦੀ ਲੜਕੀ ਤੇ 40 ਸਾਲ ਦੀ ਅੌਰਤ, ਖਰੜ ਵਿੱਚ ਹੀ 20 ਸਾਲ ਦਾ ਨੌਜਵਾਨ, ਪੀਰ ਮੁਛੱਲਾ ਵਿੱਚ 14 ਸਾਲ ਦੀ ਲੜਕੀ ਤੇ 35 ਸਾਲ ਦਾ ਪੁਰਸ਼, ਮਲਕਪੁਰ ਵਿੱਚ 51 ਸਾਲ ਦੀ ਅੌਰਤ, ਕਿਸ਼ਨਪੁਰਾ ਡੇਰਾਬੱਸੀ ਵਿੱਚ 48 ਸਾਲਾ ਪੁਰਸ਼, ਮੋਹਨ ਨਗਰ ਵਿੱਚ 35 ਸਾਲ ਦੀ ਅੌਰਤ, ਗੁਲਮੋਹਰ ਕੰਪਲੈਕਸ ਡੇਰਾਬੱਸੀ ਵਿੱਚ 8 ਸਾਲ ਦਾ ਬੱਚਾ, 42 ਸਾਲ ਤੇ 64 ਸਾਲ ਦੀਆਂ ਅੌਰਤਾਂ ਤੇ 64 ਸਾਲ ਦਾ ਪੁਰਸ਼ ਅਤੇ ਪਿੰਡ ਜਵਾਹਰਪੁਰ ਵਿੱਚ 19 ਸਾਲਾ ਨੌਜਵਾਨ ਤੇ 39 ਸਾਲਾ ਪੁਰਸ਼ ਵੀ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ। ਉਧਰ, ਮੁਹਾਲੀ, ਖਰੜ, ਨਵਾਂ ਗਾਉਂ, ਜ਼ੀਰਕਪੁਰ ਦੇ 20 ਕਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਪਰਤ ਆਏ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਅੱਜ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 643 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 399 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 231 ਨਵੇਂ ਕੇਸ ਐਕਟਿਵ ਹਨ। ਪਿਛਲੇ 10 ਦਿਨਾਂ ਵਿੱਚ 250 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …