ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3434 ਲੈਕਚਰਾਰਾਂ ਦੀਆਂ ਅਸਾਮੀਆਂ ਖ਼ਾਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਨਵਾਂ ਵਿੱਦਿਅਕ ਵਰ੍ਹਾ 1 ਅਪਰੈਲ ਨੂੰ ਸ਼ੁਰੂ ਹੋ ਗਿਆ ਹੈ ਅਤੇ ਸਰਕਾਰ ਵੱਲੋਂ ਸਕੂਲਾਂ ਵਿੱਚ 80 ਤੋਂ 90 ਫੀਸਦੀ ਕਿਤਾਬਾਂ ਪੁੱਜਦੀਆਂ ਕਰਨ ਦਾ ਦਾਅਵਾ ਕੀਤਾ ਗਿਆ ਹੈ ਪ੍ਰੰਤੂ ਕਲਾਸਾਂ ਵਿੱਚ ਪਾਠਕ੍ਰਮ ਪੜ੍ਹਾਉਣ ਵਾਲਿਆਂ ਦੀ ਵੱਡੀ ਘਾਟ ਰੜਕ ਰਹੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ 3434 ਅਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸਰਪ੍ਰਸਤ ਹਾਕਮ ਸਿੰਘ ਵਾਲੀਆ ਨੇ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾ ਕਰਦਿਆਂ ਦੱਸਿਆ ਕਿ ਮਾਤ ਭਾਸ਼ਾ ਪੰਜਾਬੀ ਦੀਆਂ 695, ਅੰਗਰੇਜ਼ੀ ਦੀਆਂ 655, ਇਤਿਹਾਸ ਦੀਆਂ 401, ਰਾਜਨੀਤੀ ਸ਼ਾਸਤਰ ਦੀਆਂ 377, ਕਾਮਰਸ ਦੀਆਂ 232, ਸਰੀਰਕ ਸਿੱਖਿਆ ਦੀਆਂ 226, ਹਿੰਦੀ ਦੀਆਂ 43, ਭੁਗੋਲ ਦੀਆਂ 38, ਹੋਮ ਸਾਇੰਸ ਦੀਆਂ 13, ਫਾਈਨ ਆਰਟ ਦੀਆਂ 8, ਸੰਗੀਤ ਦੀਆਂ 8 ਅਤੇ ਸਮਾਜ ਸਿੱਖਿਆ ਦੀਆਂ 8 ਅਸਾਮੀਆਂ ਖ਼ਾਲੀ ਹਨ, ਪ੍ਰੰਤੂ ਸਰਕਾਰ ਖਾਲੀ ਅਸਾਮੀਆਂ ਭਰਨ ਲਈ ਸੁਹਿਰਦ ਨਹੀਂ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਭੌਤਿਕ ਵਿਗਿਆਨ ਦੀਆਂ 216, ਰਸਾਇਣ ਦੀਆਂ 31, ਜੀਵ ਵਿਗਿਆਨ ਦੀਆਂ 201 ਅਤੇ ਗਣਿਤ ਵਿਸ਼ਾ ਦੀਆਂ 96 ਅਸਾਮੀਆਂ ਖ਼ਾਲੀ ਹਨ। ਪੰਜਾਬ ਦੀ ਆਪ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਦੇ ਬੜੇ ਦਮਗਜੇ ਮਾਰ ਰਹੀ ਹੈ ਪ੍ਰੰਤੂ ਖ਼ਾਲੀ ਅਸਾਮੀਆਂ ਕਾਰਨ ਸਕੂਲੀ ਸੁਧਾਰ ਦੇ ਦਾਅਵੇ ਹਵਾ ਵਿੱਚ ਗੱਲਾਂ ਮਾਰਨ ਬਰਾਬਰ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਖਾਲੀ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਨ ਲਈ ਠੋਸ ਨੀਤੀ ਉਲੀਕੀ ਜਾਵੇ। ਉਨ੍ਹਾਂ ਕਿਹਾ ਕਿ ਖ਼ਾਲੀ ਅਸਾਮੀਆਂ ਭਰਨ ਲਈ ਪਦਉੱਨਤੀਆਂ ਕਰਨਾ ਅਤੇ ਨਵੀਂ ਭਰਤੀ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਸਖ਼ਤ ਲੋੜ ਹੈ। ਨਵੀਂ ਭਰਤੀ ਨਾਲ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਅਧਿਆਪਕਾਂ ਦੀ ਤਰੱਕੀ ਦਾ ਰਾਹ ਵੀ ਖੁੱਲ੍ਹੇਗਾ। ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਵਿੱਤ ਸਕੱਤਰ ਰਾਮ ਵੀਰ ਨੇ ਦੱਸਿਆ ਕਿ ਲੈਕਚਰਾਰਜ਼ ਦੀਆਂ ਅਸਾਮੀਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਗਪਗ 550 ਪ੍ਰਿੰਸੀਪਲ ਦੀਆਂ ਅਸਾਮੀਆਂ ਵੀ ਖ਼ਾਲੀ ਹਨ। ਜਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਪ੍ਰਮੱੁਖ ਸਿੱਖਿਆ ਸਕੱਤਰ ਅਤੇ ਡੀਜੀਐਸਈ ਤੋਂ ਮੰਗ ਕੀਤੀ ਕਿ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ।
ਇਸ ਮੌਕੇ ਅਰੁਣ ਕੁਮਾਰ ਲੁਧਿਆਣਾ, ਜਤਿੰਦਰ ਸਿੰਘ ਗੁਰਦਾਸਪੁਰ, ਜਗਰੂਪ ਸਿੰਘ ਸੰਗਰੂਰ, ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੋਸਲ, ਦਲਜੀਤ ਸਿੰਘ ਅਤੇ ਡਾ. ਚਰਨਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …