nabaz-e-punjab.com

37 ਪ੍ਰਿੰਸੀਪਲ, ਮੁੱਖ ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਨਿਖੇਧੀ

ਨਬਜ਼-ਏ-ਪੰਜਾਬ, ਮੁਹਾਲੀ, 19 ਜੁਲਾਈ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਫਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਵੱਲੋਂ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਵਿਰੋਧ ਕਰਦਿਆਂ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਜਰਨਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਪ੍ਰਿੰਸੀਪਲ, ਮੁੱਖ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪ੍ਰੇਸ਼ਾਨ ਕਰਨ ਦੀ ਬਜਾਏ ਆਪਣੀਆਂ ਨੀਤੀਆਂ ਨੂੰ ਸਹੀ ਕਰੇ।
ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਗਈ, ਪਰ ਸਰਕਾਰੀ ਅਧਿਆਪਕਾਂ ਨੂੰ ਦਾਖ਼ਲੇ ਕਰਨ ਦੀ ਬਜਾਏ ਗ਼ੈਰ ਵਿੱਦਿਅਕ ਕਾਰਜ/ਬੀਐਲਓ ਡਿਊਟੀ, ਸੈਮੀਨਾਰਾਂ, ਮਿਸ਼ਨ ਸਮਰੱਥ ਵਿੱਚ ਹੀ ਉਲ਼ਝਾਈ ਰੱਖਿਆ ਗਿਆ ਹੈ ਅਤੇ ਫੇਰ ਲੋਕ-ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਰੁੱਝੇ ਰਹੇ। ਇਨਾ ਸਭ ਡਿਊਟੀਆਂ ਦੇ ਬਾਵਜੂਦ ਵੀ ਅਧਿਆਪਕਾਂ ਵੱਲੋਂ ਆਪਣੇ ਸਕੂਲਾਂ ਦਾ ਦਾਖਲਾ ਵਧਾਉਣ ਲਈ ਪੂਰੀ ਮਿਹਨਤ ਕੀਤੀ ਗਈ। ਜੁਲਾਈ ਮਹੀਨੇ ਵਿਚ ਡੀਈਓ ਫਿਰੋਜਪੁਰ ਦਾਖ਼ਲੇ ਨੂੰ ਵਧਾਉਣ ਲਈ ਕਾਰਣ ਦੱਸੋ ਨੋਟਿਸ ਕੱਢ ਰਹੇ ਹਨ। ਇਸ ਸਮੇਂ ਦਾਖ਼ਲੇ ਨੂੰ ਵਧਾਇਆ ਨਹੀਂ ਜਾ ਸਕਦਾ ਕਿਉਂਕਿ ਸਾਰੇ ਬੱਚੇ ਵੱਖ-ਵੱਖ ਸਕੂਲਾਂ ਵਿੱਚ ਦਾਖਲ ਹੋ ਗਏ ਹਨ। ਸਰਕਾਰੀ ਸਕੂਲਾਂ ਵਿੱਚ ਦਾਖਲਾ ਘਟਣ ਦਾ ਇੱਕ ਕਾਰਨ ਜਿੱਥੇ ਪੰਜਾਬ ਦੀ ਘੱਟ ਰਹੀ ਆਬਾਦੀ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਪੋਸਟਾਂ ਦਾ ਨਾ ਭਰਿਆ ਹੋਣਾ ਵੀ ਜਰੂਰੀ ਕਾਰਨ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਇਸ ਸਮੇਂ ਅਧਿਆਪਕ ਬੱਚਿਆਂ ਨਾਲ ਪੜ੍ਹਾਈ ਵਿਚ ਰੁੱਝੇ ਪਏ ਹਨ। ਇਹ ਸਮਾਂ ਦਾਖਲੇ ਦਾ ਨਹੀਂ ਸਗੋਂ ਸਿਲੇਬਸ ਪੂਰਾ ਕਰਵਾਉਣ ਲਈ ਬੱਚਿਆਂ ਨੂੰ ਪੜ੍ਹਾਉਣ ਦਾ ਹੈ। ਦਾਖਲਾ ਘਟਣ ਦਾ ਕਾਰਣ ਪੰਜਾਬ ਦੀ ਅਬਾਦੀ ਨਾਲ ਵੀ ਜੁੜਿਆ ਹੈ ਜੋ ਕਿ ਲਗਾਤਾਰ ਘੱਟ ਰਹੀ ਹੈ। ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਵੀ ਦਾਖਲਾ ਘਟਾਉਣ ਵਿੱਚ ਮਦਦਗਾਰ ਹਨ। ਜਿੱਥੇ ਮਿਡਲ ਸਕੂਲਾਂ ਵਿਚ ਸੱਤ ਪੋਸਟਾਂ ਸਨ, ਉਨ੍ਹਾਂ ਨੂੰ ਪੂਰਾ ਭਰਨ ਦੀ ਬਜਾਏ ਚਾਰ ਪੋਸਟਾਂ ਕਰ ਦਿੱਤੀਆ ਹਨ, ਪ੍ਰੀ-ਪ੍ਰਾਇਮਰੀ ਤਹਿਤ ਸਕੂਲਾਂ ਵਿਚ ਤਿੰਨ ਜਮਾਤਾਂ ਵਧਾ ਦਿੱਤੀਆ ਗਈਆਂ ਪਰ ਅਧਿਆਪਕਾਂ ਦੀਆ ਪੋਸਟਾਂ ਵਿਚ ਵਾਧਾ ਨਹੀ ਕੀਤਾ ਗਿਆ ਹੈ।
ਗੈਰ-ਵਿਦਿਅਕ ਕਾਰਜ/ਬੀਐਲਓ ਵਰਗੀਆਂ ਸਾਰਾ ਸਾਲ ਚੱਲਣ ਵਾਲੀਆਂ ਡਿਊਟੀਆਂ ਅਤੇ ਸਿਵਲ ਵਰਕਸ ਕਾਰਜ ਦੇ ਨਾਲ ਨਾਲ ਅਧਿਆਪਕ ਹੋਰ ਵੀ ਬਹੁਤ ਸਾਰੀਆਂ ਡਿਊਟੀਆਂ ਨਿਭਾ ਰਿਹਾ ਹੈ। ਇਸ ਸਭ ਦਾ ਪ੍ਰਭਾਵ ਸਕੂਲ ਵਿੱਚੋਂ ਸਿੱਖਿਆ ਦੇ ਮਾਹੌਲ ਨੂੰ ਕਿਤੇ ਨਾ ਕਿਤੇ ਕਿਨਾਰੇ ਕਰਦਾ ਹੈ ਜੋ ਕਿ ਦਾਖਲੇ ਘਟਾਉਣ ਲਈ ਜ਼ਿੰਮੇਵਾਰ ਹੈ। ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਕੱਢਣ ਦੀ ਬਜਾਏ, ਸਕੂਲਾਂ ਦਾ ਵਾਤਾਵਰਣ ਸਿਖਿਆ-ਦਾਇਕ ਬਣਾਇਆ ਜਾਵੇ, ਅਧਿਆਪਕਾਂ ਕੋਲੋਂ ਸਿਰਫ਼ ਪੜ੍ਹਨ ਪੜਾਉਣ ਦਾ ਹੀ ਕੰਮ ਲਿਆ ਜਾਵੇ ਸਾਰੇ ਸਕੂਲਾਂ ਵਿੱਚ ਸਾਰੀਆਂ ਅਸਾਮੀਆਂ ਰੈਗੂਲਰ ਤੌਰ ’ਤੇ ਭਰੀਆਂ ਜਾਣ। ਮਿਡਲ ਸਕੂਲਾਂ ਵਿੱਚ ਸੱਤ ਅਧਿਆਪਕਾਂ ਦੀ ਪਹਿਲਾਂ ਵਰਗੀ ਸਥਿਤੀ ਬਹਾਲ ਕੀਤੀ ਜਾਵੇ ਅਤੇ ਪ੍ਰਾਈਮਰੀ ਸਕੂਲਾਂ ਵਿੱਚ ਜਮਾਤਵਾਰ ਅਧਿਆਪਕ ਦਿੱਤੇ ਜਾਣ। ਕਿਤਾਬਾਂ ਸਮੇਂ ਸਿਰ ਪਹੁੰਚਾਈਆ ਜਾਣ। ਅਧਿਆਪਕਾਂ ਕੋਲੋਂ ਗੈਰ-ਵਿੱਦਿਅਕ ਕਾਰਜ ਬੰਦ ਕੀਤੇ ਜਾਣ।

Load More Related Articles
Load More By Nabaz-e-Punjab
Load More In General News

Check Also

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹ…