ਨਸ਼ਾ ਤਸਕਰੀ ਅਤੇ ਸੱਟਾ ਲਾਉਣ ਦੇ ਵੱਖ-ਵੱਖ ਕੇਸਾਂ ਵਿੱਚ 4 ਮੁਲਜ਼ਮ ਗ੍ਰਿਫ਼ਤਾਰ

ਦਿੱਲੀ ਤੋਂ ਸਸਤੇ ਭਾਅ ’ਤੇ ਹੈਰੋਇਨ ਲਿਆ ਕੇ ਟਰਾਈਸਿਟੀ ਵਿੱਚ ਮਹਿੰਗੇ ਭਾਅ ’ਤੇ ਵੇਚਦੇ ਸੀ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰੀ ਅਤੇ ਸੱਟਾ ਲਗਾਉਣ ਦੇ ਦੋ ਵੱਖ-ਵੱਖ ਕੇਸਾਂ ਵਿੱਚ ਚਾਰ ਵਿਅਕਤੀਆਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 200 ਗਰਾਮ ਹੈਰੋਇਨ ਅਤੇ ਸੱਟੇ ਦੇ 4500 ਰੁਪਏ ਨਗਦੀ ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਮੁੱਲਾ ਫੈਸ਼ਨ ਵਿਅਕਤੀ ਹਿਮਾਚਲ ਨੰਬਰੀ ਸਵਿਫ਼ਟ ਕਾਰ ਹੈਰੋਇਨ ਲੈ ਕੇ ਆ ਰਹੇ ਹਨ। ਜਿਨ੍ਹਾਂ ਨੇ ਚੰਡੀਗੜ੍ਹ, ਮੁਹਾਲੀ ਅਤੇ ਕੁਰਾਲੀ ਖੇਤਰ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਨੀ ਹੈ।
ਸੂਚਨਾ ਮਿਲਣ ’ਤੇ ਐਸਪੀ (ਡੀ) ਵਜੀਰ ਸਿੰਘ ਖਹਿਰਾ ਅਤੇ ਡੀਐਸਪੀ (ਡੀ) ਸੁਖਨਾਜ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਲਖਨੌਰ ਨੇੜੇ ਨਾਕਾਬੰਦੀ ਕਰਕੇ ਸ਼ੱਕ ਦੇ ਆਧਾਰ ’ਤੇ ਸਵਿਫ਼ਟ ਗੱਡੀ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਕਾਰ ਵਿੱਚ ਸਵਾਰ ਰਣਜੀਤ ਸਿੰਘ ਉਰਫ਼ ਲੱਭੂ ਵਾਸੀ ਪਿੰਡ ਬਲ ਕਰੂਪੀ (ਜ਼ਿਲ੍ਹਾ ਮੰਡੀ) ਅਤੇ ਦੇਸਰਾਜ ਉਰਫ਼ ਦੇਸੂ ਵਾਸੀ ਪਿੰਡ ਬਲੋਹਲ (ਜ਼ਿਲ੍ਹਾ ਮੰਡੀ) ਅਤੇ ਹਰੀਸ਼ ਕੁਮਾਰ ਵਾਸੀ ਪਿੰਡ ਚੋਗਾਨ (ਕਾਂਗੜਾ) ਕੋਲੋਂ 200 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਕੁਰਾਲੀ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਸਵਿਫ਼ਟ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ।
ਐਸਐਸਪੀ ਨੇ ਦੱਸਿਆ ਕਿ ਦੌਰਾਨ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਤਿੰਨੇ ਮੁਲਜ਼ਮ ਆਪਣੇ ਰਿਹਾਇਸ਼ੀ ਏਰੀਆ ਵਿੱਚ ਪੈਰਾਗਲਾਈਡਿੰਗ ਦੀ ਸਿਖਲਾਈ ਦਾ ਕੰਮ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਆਪਸ ਵਿੱਚ ਜਾਣ ਪਛਾਣ ਹੋ ਗਈ। ਇਹ ਖ਼ੁਦ ਵੀ ਨਸ਼ਾ ਕਰਨ ਦੇ ਆਦੀ ਹਨ ਅਤੇ ਆਪਣੇ ਨਸ਼ੇ ਦੀ ਲੋੜ ਨੂੰ ਪੁਰਾ ਕਰਨ ਲਈ ਪੈਸਿਆਂ ਦੇ ਲਾਲਚ ਵਿੱਚ ਆ ਕੇ ਹੈਰੋਇਨ ਸਪਲਾਈ ਦਾ ਧੰਦਾ ਕਰਨ ਲੱਗ ਪਏ। ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਇਹ ਵੀ ਦੱਸਿਆ ਕੇ ਉਹ ਦਿੱਲੀ ਤੋਂ ਸਸਤੇ ਭਾਅ ’ਤੇ ਹੈਰੋਇਨ ਲਿਆਉਂਦੇ ਹਨ ਅਤੇ ਚੰਡੀਗੜ੍ਹ, ਮੁਹਾਲੀ ਅਤੇ ਕੁਰਾਲੀ ਏਰੀਆ ਵਿੱਚ ਮਹਿੰਗੇ ਭਾਅ ’ਤੇ ਵੇਚ ਕੇ ਭਾਰੀ ਮੁਨਾਫ਼ਾ ਕਮਾਉਂਦੇ ਹਨ।
ਐਸਐਸਪੀ ਮਾਹਲ ਨੇ ਦੱਸਿਆ ਕਿ ਇੰਜ ਹੀ ਪੁਲੀਸ ਨੇ ਸੱਟਾ ਲਗਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੜਾ ਸੱਟਾ ਵਾਲੀ ਪਰਚੀ ਅਤੇ ਇੱਕ ਬਾਲ ਪੈਨ ਅਤੇ 4500 ਰੁਪਏ ਨਕਦੀ ਬਰਾਮਦ ਕੀਤੀ ਹੈ। ਮੁਲਜ਼ਮ ਦੇ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਾਦਲ ਐਲਆਈਸੀ ਕਲੋਨੀ ਖਰੜ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਕਬਾੜੀਆਂ ਦਾ ਕੰਮ ਕਰਦਾ ਹੈ। ਇਸ ਦੌਰਾਨ ਉਹ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਸੱਟੇ ਦਾ ਕੰਮ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰਨਾਂ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕਦੇ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…