ਜੈਵਿਕ ਖੇਤੀ ਕਰਕੇ ਪ੍ਰਤੀ ਏਕੜ ਕਮਾ ਰਿਹੈ 4 ਲੱਖ ਰੁਪਏ ਓਪਿੰਦਰ ਸਿੰਘ ਕੋਠਾਗੁਰੂ

ਕਮਿਊਨਿਟੀ ਫਾਰਮਿੰਗ ਤਹਿਤ ਮੈਂਬਰ ਬਣਾਕੇ ਕਰ ਰਿਹਾ ਮਾਰਕੀਟਿੰਗ

ਐਸਡੀਐਮ ਜਗਦੀਪ ਸਹਿਗਲ ਨੇ ਕੀਤਾ ਫਾਰਮ ਦਾ ਦੌਰਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਅਕਤੂਬਰ:
ਫਸਲ ਵਿਭਿੰਨਤਾ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਹਟ ਕਿ ਜੈਵਿਕ ਖੇਤੀ ਕਰਕੇ ਓਪਿੰਦਰ ਸਿੰਘ ਕੋਠਾਗੁਰੂ ਚੌਖੀ ਕਮਾਈ ਕਰ ਰਿਹਾ ਹੈ। ਉਸ ਵੱਲੋਂ 2 ਏਕੜ ਜ਼ਮੀਨ ਵਿੱਚ ਕਰੀਬ 37 ਕਿਸਮ ਦੀਆਂ ਸਬਜ਼ੀਆ ਅਤੇ ਮਸਲੇ ਤਿਆਰ ਕੀਤੇ ਜਾ ਰਹੇ ਹਨ। ਤਿਆਰ ਕੀਤੀ ਹੋਈ ਜੈਵਿਕ ਖੇਤੀ ਦਾ ਜਾਇਜ਼ਾ ਲੈਣ ਲਈ ਐਸਡੀਐਮ ਮੁਹਾਲੀ ਜਗਦੀਪ ਸਹਿਗਲ ਨੇ ਪਿੰਡ ਮਕੱੜਿਆਂ ਸਥਿਤ ਫਾਰਮ ਹਾਊਸ ਦਾ ਦੌਰਾ ਕੀਤਾ। ਸ੍ਰੀ ਸਹਿਗਲ ਨੇ ਇਸ ਸਮੇਂ ਤਿਆਰ ਸਬਜ਼ੀਆਂ ਅਤੇ ਮਸਾਲੇ ਆਦਿ ਦੇ ਬੂਟਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਚੰਗਾ ਰੁਝਾਨ ਹੈ। ਰਵਾਇਤੀ ਫਸਲ ਕਣਕ, ਝੋਨੇ ਤੋਂ ਹਟਕੇ ਅਤੇ ਰਸਾਇਣਕ ਖਾਂਦਾ ਦੀ ਵਰਤੋਂ ਤੋਂ ਬਿਨ੍ਹਾਂ ਜੈਵਿਕ ਸਬ਼ਜ਼ੀਆਂ ਤੇ ਮਸਾਲੇ ਤਿਆਰ ਕਰਨਾ ਜਿਥੇ ਸਿਹਤ ਲਈ ਬਹੁਤ ਲਾਭਦਾਇਕ ਹਨ ਉਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਸਹਾਇਕ ਸਿੱਧ ਹੁੰਦਾ ਹੈ।
ਸ੍ਰੀ ਸਹਿਗਲ ਨੇ ਫਾਰਮ ਤੇ ਖੁਦ ਹੱਥੀ ਪਾਲਕ ਕੱਟਕੇ ਕਿਸਾਨ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਹੋਰਨਾ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਕੀਤੀ ਜਾਵੇਗੀ।
ਕਿਸਾਨ ਓਪਿੰਦਰ ਸਿੰਘ ਕੋਠੋਗੁਰੂ ਨੇ ਦੱਸਿਆ ਕਿ ਉਸ ਨੇ ਪਹਿਲਾਂ ਮਾਰਕੀਟ ਕਮੇਟੀ ਵਿੱਚ ਨੌਕਰੀ ਕੀਤੀ ਅਤੇ ਸੇਵਾ ਮੁਕਤ ਹੋਣ ਉਪਰੰਤ ਤਾਜ਼ੀ ਤੇ ਰਸਾਇਣਕ ਖਾਦ ਰਹਿਤ ਸਬਜ਼ੀਆਂ ਪੈਦਾ ਕਰਨਾ ਉਸ ਦਾ ਸ਼ੌਕ ਬਣਿਆ ਜੋ ਹੁਣ ਆਮਦਨ ਦਾ ਸਾਧਨ ਵੀ ਬਣ ਗਿਆ ਹੈ। ਉਸ ਨੇ ਦੱਸਿਆ ਕਿ ਖਰੜ ਬਲਾਕ ਵਿੱਚ ਪਿੰਡ ਮੱਕੜਿਆਂ ਵਿਖੇ ਉਸ ਨੇ ਆਪਣੇ ਕੁਝ ਸਾਥੀ ਜੋ ਆਈਟੀ ਸੈਕਟਰ ਵਿੱਚ ਨੌਕਰੀ ਵੀ ਕਰਦੇ ਹਨ ਨਾਲ ਮਿਲਕੇ 100 ਫੀਸਦੀ ਜੈਵਿਕ ਸਬਜ਼ੀਆ ਤੇ ਮਸਾਲੇ ਤਿਆਰ ਕਰਨ ਦੀ ਖੇਤੀ ਸ਼ੁਰੂ ਕੀਤੀ ਅਤੇ ਇਸ ਦੀ ਮਾਰਕੀਟਿੰਗ ਲਈ 35 ਮੈਂਬਰਾਂ ਦਾ ਇਕ ਗਰੁੱਪ ਬਣਾਇਆ ਜੋ ਪ੍ਰਤੀ ਮਹੀਨਾ ਫੀਸ / ਲਾਗਤ ਦੇਂਦੇ ਹਨ। ਫਾਰਮ ਤੇ ਜੋ ਵੀ ਸਬਜ਼ੀਆਂ ਤਿਆਰ ਹੁੰਦੀਆਂ ਹਨ ਉਹ ਮੈਂਬਰਾਂ ਦੇ ਘਰਾਂ ਚ ਸਪਲਾਈ ਕੀਤੀ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ਵਿੱਚ ਇਸ ਵੇਲੇ ਤਕਰੀਬਨ 37 ਤਰ੍ਹਾਂ ਦੀਆਂ ਸਬਜ਼ੀਆਂ ਅਤੇ ਮਸਾਲੇ ਤਿਆਰ ਹੋ ਰਹੇ ਹਨ ਜਿਨ੍ਹਾਂ ਵਿੱਚ ਪਾਲਕ, ਮੇਥੀ, ਮੇਥੇ, ਗਾਜਰ, ਮਟਰ, ਸੌਂਫ, ਸ਼ਲਗਮ, ਸਰੋਂ , ਹਾਲੋਂ, ਮੂਲੀ (14 ਕਿਸਮ ਦੀ ), ਲਟਸ (8 ਕਿਸਮ ਦਾ) ਆਦਿ ਸ਼ਾਮਲ ਹਨ । ਓਪਿੰਦਰ ਸਿੰਘ ਨੇ ਦੱਸਿਆ ਕਿ ਜੈਵਿਕ ਸਬਜ਼ੀਆਂ ਤਿਆਰ ਕਰਨ ਨਾਲ ਉਨ੍ਹਾਂ ਨੂੰ ਪ੍ਰਤੀ ਏਕੜ 04.00 ਲੱਖ ਰੁਪਏ ਆਮਦਨ ਹੋ ਰਹੀ ਹੈ।
ਸ੍ਰੀ ਕੋਠੋਗੁਰੂ ਨੇ ਦੱਸਿਆ ਕਿ ਜੈਵਿਕ ਖੇਤੀ ਤੋਂ ਇਲਾਵਾ ਉਨ੍ਹਾਂ ਫਾਰਮ ਤੇ ਸਾਹੀਵਾਲ ਗਾਵਾਂ ਰੱਖੀਆਂ ਹਨ ਜਿਨ੍ਹਾਂ ਵਿੱਚ ਵੱਛੀਆਂ ਤੇ ਬੁੱਲ ਵੀ ਸ਼ਾਮਲ ਹਨ ।ਸ਼ਹਿਦ ਤਿਆਰ ਕਰਨ ਲਈ ਮੱਖੀਆਂ ਦੇ ਬਕਸੇ ਵੀ ਰੱਖੇ ਹੋਏ ਹਨ। ਉਸ ਨੇ ਦੱਸਿਆ ਕਿ ਉਹ ਆਪਣੇ ਪਸ਼ੂਆਂ ਦੇ ਮਲਮੂਤਰ ਤੋਂ ਜੈਵਿਕ ਖਾਦ ਤਿਆਰ ਕਰਦਾ ਜਿਸ ਲਈ ਮਾਹਿਰਾਂ ਦੀ ਸਲਾਹ ਨਾਲ ਤਕਨੀਕ ਤੌਰ ਤੇ ਵਰਤੇ ਜਾਣ ਵਾਲੇ ਖੱਡੇ ਬਣਾਏ ਅਤੇ ਖਾਦ ਨੂੰ ਖੇਤਾਂ ਵਿੱਚ ਵਰਤਣ ਤੋਂ ਪਹਿਲਾਂ ਪੂਰੀ ਤਕਨੀਕ ਨਾਲ ਤਿਆਰ ਕੀਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਸਾਡਾ ਕੁਆਲਟੀ ਅਤੇ ਸ਼ੁਧਤਾ ਦੇਣਾ ਦਾ ਵਾਅਦਾ ਹੀ ਨਹੀਂ ਹੈ ਬਲਕਿ ਇਸ ਤੇ ਪੂਰਾ ਉਤਰਣਾ ਸਾਡਾ ਨਿਸ਼ਾਨਾ ਹੈ।
ਇਸ ਮੌਕੇ ਅਮਰਜੀਤ ਸਿੰਘ ਵਾਲੀਆ, ਵਰਿੰਦਰ ਚੌਧਰੀ, ਵਿਕਰਮ ਸਿੰਘ ਬਾਜਵਾ, ਡਾ. ਰਾਜਬੀਰ ਸਿੰਘ,ਹਰਪਿੰਦਰ ਸਿੰਘ ਹਮੀ, ਬਲਦੀਪ ਸਿੰਘ ਅਭੀ ਅਤੇ ਹੋਰ ਕਮਿਊਨਿਟੀ ਫਾਰਮਿੰਗ ਮੈਂਬਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…