ਪੰਜਾਬ ਵਿੱਚ 400 ਹੋਰ ਆਮ ਆਦਮੀ ਕਲੀਨਿਕ ਹੋਣਗੇ ਸ਼ੁਰੂ, ਵਿੱਤ ਮੰਤਰੀ ਤੇ ਸਿਹਤ ਮੰਤਰੀ ਨੇ ਕੀਤਾ ਖ਼ੁਲਾਸਾ

ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ, ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ

ਹੁਣ ਤੱਕ ਆਮ ਆਦਮੀ ਕਲੀਨਿਕ ਦਾ ਲਾਭ ਲੈ ਚੁੱਕੇ ਹਨ 10 ਲੱਖ ਤੋਂ ਵੱਧ ਲੋਕ, 3 ਲੱਖ ਤੋਂ ਵੱਧ ਲੋਕਾਂ ਦੇ ਕੀਤੇ ਮੁਫ਼ਤ ਟੈੱਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਮੁੱਖ ਮੰਤਰੀ ਭਗਵੰਤ ਮਾਨ 27 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ 400 ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਤੋਹਫ਼ੇ ਵਜੋਂ ਸਮਰਪਿਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਪਹਿਲੇ ਪੜਾਅ ਵਿੱਚ ਬਣਾਏ ਗਏ 100 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਸੀ। ਹੁਣ 400 ਨਵੇਂ ਕਲੀਨਿਕਾਂ ਦੇ ਮੁਕੰਮਲ ਹੋਣ ਤੋਂ ਬਾਅਦ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ ਵਧ ਕੇ 500 ਹੋ ਜਾਵੇਗੀ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੋਂ ਦੇ ਸੈਕਟਰ-69 ਸਥਿਤ ਡੀਆਰਐਮਈ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ 27 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਉਦਘਾਟਨੀ ਪ੍ਰੋਗਰਾਮ ਹੋਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ। ਜਦਕਿ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਮਹਿਜ਼ ਇੱਕ ਸਾਲ ਦੇ ਅੰਦਰ ਹੀ ਪੰਜਾਬ ਵਿੱਚ ਸਿਹਤ ਕ੍ਰਾਂਤੀ ਸ਼ੁਰੂ ਹੋ ਗਈ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ ਸੀ ਕਿ ਸਰਕਾਰ ਬਣਨ ’ਤੇ ਪੰਜਾਬ ਵਿੱਚ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ। ਹੁਣ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਇੱਕ ਕਰਕੇ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੇ ਹਨ। ਮੁੱਖ ਮੰਤਰੀ ਦਾ ਸੁਪਨਾ ਹੈ, ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ।
ਸਿਹਤ ਮੰਤਰੀ ਡਾ. ਬਲਬੀਰ ਨੇ ਆਮ ਆਦਮੀ ਕਲੀਨਿਕ ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਅਤੇ ਇਲਾਜ ਦੌਰਾਨ ਜਿੱਥੇ ਤਿੰਨ ਲੱਖ ਤੋਂ ਵੱਧ ਲੋਕਾਂ ਦੇ ਮੁਫ਼ਤ ਟੈੱਸਟ ਕੀਤੇ ਗਏ ਹਨ, ਉੱਥੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਪਹਿਲੀ ਤਰਜੀਹ ਆਮ ਲੋਕਾਂ ਨੂੰ ਸਿੱਖਿਆ ਅਤੇ ਦਵਾਈ ਦੇ ਤਣਾਅ ਤੋਂ ਮੁਕਤ ਕਰਵਾਉਣਾ ਹੈ, ਜਦੋਂ ਆਮ ਲੋਕਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ, ਮੁਫ਼ਤ ਇਲਾਜ, ਮੁਫ਼ਤ ਦਵਾਈਆਂ ਅਤੇ ਮੁਫ਼ਤ ਸਿਹਤ ਜਾਂਚ ਦੀ ਸਹੂਲਤ ਮਿਲੇਗੀ ਤਾਂ ਉਨ੍ਹਾਂ ਦਾ ਕਾਫ਼ੀ ਪੈਸਾ ਬਚੇਗਾ। ਜਿਸ ਨਾਲ ਉਹ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ ਆਪਣੀਆਂ…