ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਸਿਹਤ ਵਿਭਾਗ ‘ਚ ਸਤੰਬਰ ਤੱਕ ਡਾਕਟਰਾਂ ਸਮੇਤ ਹੋਰ ਅਮਲੇ ਦੀਆਂ ਭਰੀਆਂ ਜਾਣਗੀਆਂ 4000 ਅਸਾਮੀਆਂ: ਬਲਬੀਰ ਸਿੰਘ ਸਿੱਧੂ

ਸਿਹਤ ਮੰਤਰੀ ਸਿੱਧੂ ਵੱਲੋਂ ਰਾਜਪੁਰਾ ਅਤੇ ਖੰਨਾ ਵਿਖੇ 2 ਨਵੇਂ ਉਸਾਰੇ ਗਏ ਜੱਚਾ-ਬੱਚਾ ਹਸਪਤਾਲ ਲੋਕਾਂ ਨੂੰ ਸਮਰਪਿਤ

ਸਾਰੇ ਸਰਕਾਰੀ ਹਸਪਤਾਲਾਂ ‘ਚ ਸੀ.ਟੀ. ਸਕੈਨ ਤੇ ਅਲਟਰਾ ਸਾਊਂਡ ਸਹੂਲਤਾਂ ਛੇਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 29 ਜੂਨ:
ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਸਿਹਤ ਵਿਭਾਗ ਵੱਲੋਂ ਸਤੰਬਰ 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਭਰੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ. ਸਿੱਧੂ ਨੇ ਕਿਹਾ ਕਿ ਹੁਨਰਮੰਦ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ 4000 ਅਸਾਮੀਆਂ ਦਾ ਏਜੰਡਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਸਿਹਤ ਮੰਤਰੀ ਸ. ਸਿੱਧੂ ਨੇ ਅੱਜ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਰਾਜਪੁਰਾ ਅਤੇ ਖੰਨਾ ਵਿਖੇ 30 ਬੈੱਡਾਂ ਦੀ ਸਮਰੱਥਾ ਵਾਲੇ 2 ਨਵੇਂ ਉਸਾਰੇ ਜੱਚਾ ਬੱਚਾ ਸਿਹਤ ਸੰਭਾਲ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤੇ । ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਕ੍ਰਮਵਾਰ 6 ਕਰੋੜ ਅਤੇ 9 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਹਨ।
ਇਸ ਮੌਕੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਭਿਆਨਕ ਮਹਾਂਮਾਰੀ ਕੋਵਿਡ-19 ਤੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਦੇਸ਼ ਭਰ ‘ਚ ਸਭ ਤੋਂ ਪਹਿਲਾਂ ਕਾਰਵਾਈ ਕਰਦਿਆਂ ਠੋਸ ਕਦਮ ਚੁੱਕੇ ਜਿਸਨੂੰ ਬਾਅਦ ਵਿੱਚ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਅਤੇ ਹੁਣ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਵੱਡੀ ਪੱਧਰ ‘ਤੇ ਜੰਗ ਲੜੀ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਜਿੱਥੇ ਖ਼ੁਦ ਇਹਤਿਆਤ ਵਰਤਣ ਉਥੇ ਹੀ ਦੂਜਿਆਂ ਨੂੰ ਵੀ ਮਾਸਕ ਪਾਉਣ, ਹੱਥ ਧੋਣ, ਕੋਵਾ ਐਪ ਡਾਊਨਲੋਡ ਕਰਨ ਤੇ ਆਪਸੀ ਦੂਰੀ ਰੱਖਣ ਬਾਰੇ ਜਾਗਰੂਕ ਕਰਨ।
ਸ. ਸਿੱਧੂ ਨੇ ਕਿਹਾ ਕਿ ਬੈਂਕਿੰਗ ਪ੍ਰਣਾਲੀ ਦੀ ਤਰਜ ‘ਤੇ ਪੰਜਾਬ ਵਿੱਚ ਜਲਦ ਹੀ ਸਿਹਤ ਸੇਵਾਵਾਂ ਦਾ ਆਧੁਨਿਕੀਕਰਨ ਕਰਕੇ ਕੰਪਿਊਟ੍ਰਾਈਜੇਸ਼ਨ ਕੀਤੀ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਪੰਜਾਬ ‘ਚ 9 ਟਰੌਮਾ ਸੈਂਟਰ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਾਰੇ ਹਸਪਤਾਲਾਂ ‘ਚ ਨਿਜੀ ਭਾਈਵਾਲੀ ਨਾਲ ਸੀ.ਟੀ. ਸਕੈਨ ਅਤੇ ਅਲਟਰਾਸਾਊਂਡ ਦੀਆਂ ਸਹੂਲਤਾਂ ਪੀ.ਜੀ.ਆਈ. ਤੇ ਏਮਜ ਦੇ ਰੇਟਾਂ ‘ਤੇ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਨਾਲ ਸਿਹਤ ਸੇਵਾਵਾਂ ਦਾ ਹੋਰ ਮਜ਼ਬੂਤੀਕਰਨ ਅਤੇ ਸੁਧਾਰ ਹੋਵੇਗਾ।
ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਅਤੇ ਹੋਰ ਬਿਮਾਰੀਆਂ ਨਾਲ ਲੜਨ ਲਈ ਸਾਡੇ ਡਾਕਟਰਾਂ ਨੇ ਕਰੋਨਾ ਯੋਧੇ ਬਣਕੇ ਬਹੁਤ ਵਧੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਹੁਣ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 30 ਸਤੰਬਰ 2020 ਤੱਕ ਡਾਕਟਰਾਂ ਦੀ ਭਰਤੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਰਾਹੀਂ ਮੁਕੰਮਲ ਕਰ ਲਈ ਜਾਵੇਗੀ।

Load More Related Articles

Check Also

Mann Govt in Action: Minister Ravjot Singh Cracks Down on Civic Negligence, Orders Swift Clean-Up in Dera Bassi

Mann Govt in Action: Minister Ravjot Singh Cracks Down on Civic Negligence, Orders Swift C…