ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਤੋਂ ਪਾਸਆਊਟ 43 ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 26 ਜੂਨ:
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਵੱਲੋਂ ਆਪਣੇ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਬਾਨੀ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ (ਸੇਵਾਮੁਕਤ) ਬੀ.ਐਸ. ਗਰੇਵਾਲ ਨੇ ਕੀਤੀ। ਇਸ ਮੌਕੇ ਇੰਸਟੀਚਿਊਟ ਦੇ 43 ਸਾਬਕਾ ਵਿਦਿਆਰਥੀਆਂ ਦਾ ਅਚੀਵਰ ਐਵਾਰਡ ਨਾਲ ਸਨਮਾਨ ਕੀਤਾ ਗਿਆ। ਜਿਨ੍ਹਾਂ ’ਚੋਂ ਦਸ ਕੈਡਿਟ ਮਈ-ਜੂਨ 2024 ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਨ੍ਹਾਂ ਤੋਂ ਇਲਾਵਾ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਤੋਂ ਪਾਸ ਹੋਏ ਕੈਡਿਟ ਅਤੇ ਮੌਜੂਦਾ ਸਮੇਂ ਵਿੱਚ ਐਨਡੀਏ/ਹੋਰ ਟਰੇਨਿੰਗ ਅਕੈਡਮੀਆਂ ਵਿੱਚ ਸਿਖਲਾਈ ਲੈ ਰਹੇ ਕੈਡਿਟ ਵੀ ਸ਼ਾਮਲ ਹਨ। ਸਨਮਾਨ ਹਾਸਲ ਕਰਨ ਵਾਲੇ ਸਾਬਕਾਂ ਕੈਡਿਟਾਂ ਵਿੱਚ ਇਸ ਸੰਸਥਾ ਦੇ ਪਹਿਲੇ ਕੋਰਸ ਦੇ ਤਿੰਨ ਅਚੀਵਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਮੇਜਰ ਜਨਰਲ ਬੀ.ਐਸ. ਗਰੇਵਾਲ ਨੇ ਸਫ਼ਲ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਿਸਜ਼ ਪ੍ਰੈਪਰੇਟਰੀ ਇੰਸਟੀਚਿਊਟ ਭਵਿੱਖ ਵਿੱਚ ਕੈਡਿਟਾਂ ਨੂੰ ਟਰੇਨਿੰਗ ਸਰਵਿਸ ਅਕੈਡਮੀਆਂ ਵਿੱਚ ਉੱਤਮ ਰਹਿਣ ਲਈ ਬਿਹਤਰੀਨ ਮੰਚ ਪ੍ਰਦਾਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋਣਾ ਕਿਸੇ ਹੋਰ ਕਿੱਤੇ ਵਰਗਾ ਨਹੀਂ ਹੈ, ਇਹ ਉਸ ਤੋਂ ਕਿਤੇ ਵੱਧ ਹੈ ਅਤੇ ਇਸ ਲਈ ਜਨੂਨ ਹੋਣਾ ਚਾਹੀਦਾ ਹੈ। ਕੈਡਿਟਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਆਪਣੀ ਛੁਪੀ ਪ੍ਰਤਿਭਾ ਨੂੰ ਖੋਜਣ, ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਇਮਾਨਦਾਰੀ ਦੇ ਉੱਚੇ ਮਾਪਦੰਡ ਸਥਾਪਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਿਸਾਲੀ ਨਤੀਜੇ ਪ੍ਰਾਪਤ ਕਰਨ ਲਈ ਮੌਜੂਦਾ ਫੈਕਲਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਕਿਹਾ ਕਿ ਇਸ ਸੰਸਥਾ ਨੇ ਹੁਣ ਤੱਕ 229 ਕੈਡਿਟਾਂ ਨੂੰ ਐਨਡੀਏ/ਹੋਰ ਅਕੈਡਮੀਆਂ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਐਸਐਸਬੀ ਪਾਸ ਕਰਨ ਵਾਲੇ 22 ਕੈਡਿਟਾਂ ਨੂੰ ਐਨਡੀਏ ਵਿੱਚ ਸ਼ਾਮਲ ਹੋਣ ਸਬੰਧੀ ਪੱਤਰ ਮਿਲਣੇ ਸ਼ੁਰੂ ਹੋ ਗਏ ਹਨ। ਇਹ ਸੰਸਥਾ ਹਥਿਆਰਬੰਦ ਬਲਾਂ ਲਈ ਕੈਡਿਟ ਤਿਆਰ ਕਰਨ ਵਿੱਚ ਸਰਬੋਤਮ ਸੰਸਥਾ ਵਜੋਂ ਉੱਭਰੀ ਹੈ ਅਤੇ ਦੇਸ਼ ਭਰ ਵਿੱਚ ਇਸ ਦੇ ਨਤੀਜੇ ਸਭ ਤੋਂ ਬਿਹਤਰ ਹਨ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ ਸੈਕਟਰ-71 ਆਈਵੀ…