
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲ 447 ਕਰੋੜ ਦੀ ਦੇਣਦਾਰੀ, ਬੋਰਡ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖ਼ਾਹ
ਬੋਰਡ ਮੈਨੇਜਮੈਂਟ ਨੇ ਐਫ਼ਡੀ ਤੋੜਵਾ ਕੇ ਦਿੱਤੀ ਸੀ ਪਿਛਲੇ ਮਹੀਨੇ ਦੀ ਤਨਖ਼ਾਹ ਤੇ ਪੈਨਸ਼ਨ
7 ਜੁਲਾਈ ਤੱਕ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ਸੇਵਾਮੁਕਤ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੀ ਹੋਈ ਸਾਂਝੀ ਮੀਟਿੰਗ ਵਿੱਚ ਸਕੂਲ ਬੋਰਡ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ। ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਸੇਵਾਮੁਕਤ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੋਰਡ ਦੀ ਵਿੱਤੀ ਹਾਲਤ ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ। ਪਿਛਲੇ ਮਹੀਨੇ ਦੀ ਤਨਖ਼ਾਹ ਅਤੇ ਪੈਨਸ਼ਨ ਬਹੁਤ ਮੁਸ਼ਕਲ ਨਾਲ ਐਫ਼ਡੀ ਤੁੜਵਾ ਕੇ ਜਾਰੀ ਕੀਤੀ ਗਈ ਸੀ ਪ੍ਰੰਤੂ ਬੋਰਡ ਇਸ ਮਹੀਨੇ ਦੀ ਤਨਖ਼ਾਹ ਅਤੇ ਪੈਨਸ਼ਨ ਦੇਣ ਤੋਂ ਅਸਮਰਥ ਜਾਪ ਰਿਹਾ ਹੈ। ਕਿਉਂਕਿ ਮੁਲਾਜ਼ਮਾਂ ਨੂੰ 1 ਤਰੀਕ ਨੂੰ ਤਨਖ਼ਾਹ ਮਿਲ ਜਾਂਦੀ ਸੀ ਪਰ ਐਤਕੀਂ ਹੁਣ ਤੱਕ ਤਨਖ਼ਾਹ ਨਹੀਂ ਮਿਲੀ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀ ਵੱਲੋਂ ਸਰਕਾਰ ਤੇ ਸਿੱਖਿਆ ਵਿਭਾਗ ਵੱਲ ਕਿਤਾਬਾਂ ਅਤੇ ਫੀਸਾਂ ਦੇ ਬਕਾਏ ਦੀ ਲਗਪਗ 427 ਕਰੋੜ ਰੁਪਏ ਦੀ ਦੇਣਦਾਰੀ ਖੜੀ ਹੈ ਅਤੇ ਇਸ ਸਬੰਧੀ ਸਮੇਂ-ਸਮੇਂ ’ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਰਿਹਾ ਹੈ। ਪਿਛਲੇ ਦਿਨੀਂ ਵੀ ਵਿੱਤ ਵਿਭਾਗ ਨਾਲ ਬੋਰਡ ਦੇ ਬਕਾਇਆ ਰਾਸ਼ੀ ਸਬੰਧੀ ਸੰਪਰਕ ਕੀਤਾ ਗਿਆ ਸੀ ਪ੍ਰੰਤੂ ਬੇਲੋੜੇ ਇਤਰਾਜ਼ ਲਗਾ ਕੇ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ। ਇਸ ਤੋ ਇਲਾਵਾ ਸਿੱਖਿਆ ਵਿਭਾਗ ਵੱਲ ਬਿਲਡਿੰਗ ਦੇ ਕਿਰਾਏ ਵਜੋਂ 20 ਕਰੋੜ ਦੀ ਰਾਸ਼ੀ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਬੋਰਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤੇ ਸੇਵਾਮੁਕਤ ਸਾਥੀਆਂ ਨੇ ਤਨਖ਼ਾਹ ਅਤੇ ਪੈਨਸ਼ਨ ਦੇ ਹਿਸਾਬ ਨਾਲ ਆਪਣਾ ਘਰੇਲੂ ਖਰਚਾ, ਬੱਚਿਆਂ ਦੀ ਪੜ੍ਹਾਈ, ਦਵਾਈਆਂ ਅਤੇ ਹੋਰ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ। ਤਨਖ਼ਾਹ ਅਤੇ ਪੈਨਸ਼ਨ ਨਾ ਮਿਲਣ ਕਾਰਨ ਮੁਲਾਜ਼ਮਾਂ ਵਿੱਚ ਬੇਚੈਨੀ ਦਾ ਆਲਮ ਹੈ। ਹਾਲਾਂਕਿ ਇਹ ਬਕਾਇਆ ਰਾਸ਼ੀ ਪਿਛਲੀ ਅਕਾਲੀ ਸਰਕਾਰ ਸਮੇਂ ਤੋਂ ਚਲੀ ਆ ਰਹੀ ਹੈ ਪ੍ਰੰਤੂ ਕਾਂਗਰਸ ਦੇ ਸੱਤਾ ਵਿੱਚ ਆਉਣ ’ਤੇ ਆਸ ਕੀਤੀ ਜਾ ਰਹੀ ਸੀ ਕਿ ਬੋਰਡ ਨੂੰ ਬਕਾਇਆ ਰਾਸ਼ੀ ਮਿਲ ਜਾਵੇਗੀ ਪਰ ਹੁਣ ਤੱਕ ਬਕਾਇਆ ਰਾਸ਼ੀ ’ਚੋਂ ਇਕ ਧੇਲਾ ਵੀ ਨਹੀਂ ਮਿਲਿਆ ਹੈ।
ਸ੍ਰੀ ਖੰਗੂੜਾ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮਸਲਿਆਂ ਲਈ ਗਠਿਤ ਕੀਤੀ ਸਬ ਕਮੇਟੀ ਅੱਗੇ ਬੋਰਡ ਦੀ ਮਾੜੀ ਵਿੱਤੀ ਹਾਲਾਤ ਬਾਰੇ ਖੁੱਲ੍ਹ ਕੇ ਪੱਖ ਰੱਖ ਚੁੱਕੇ ਹਨ। ਕਮੇਟੀ ਨੇ ਇਹ ਮਸਲਾ ਸਰਕਾਰ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਨੂੰ ਕੱਲ੍ਹ (7 ਜੁਲਾਈ) ਤੱਕ ਤਨਖ਼ਾਹ ਰਿਲੀਜ਼ ਨਾ ਕੀਤੀ ਗਈ ਤਾਂ ਮੁਲਾਜ਼ਮ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ ਤਰਮਾਲਾ, ਸਤਨਾਮ ਸਿੰਘ ਸੱਤਾ, ਪਰਮਜੀਤ ਸਿੰਘ ਬੈਨੀਪਾਲ, ਹਰਮਨਦੀਪ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਚਨਾਰਥਲ, ਗੁਰਦੀਪ ਸਿੰਘ ਪਨੇਸਰ, ਕੰਵਲਜੀਤ ਗਿੱਲ, ਅਜੈਬ ਸਿੰਘ, ਰਮਨ ਗਿੱਲ, ਹਰਦੀਪ ਸਿੰਘ ਹਾਜ਼ਰ ਸਨ।