
4500 ਵਿਦਿਆਰਥੀਆਂ ਦਾ ਪੰਜਾਬੀ ਦੇ ਵਿਸ਼ੇ ’ਚੋਂ ਫੇਲ੍ਹ ਹੋਣਾ ਚਿੰਤਾ ਦਾ ਵਿਸ਼ਾ: ਬੀਰਦਵਿੰਦਰ ਸਿੰਘ
ਅਜੋਕੇ ਸਮੇਂ ਵਿੱਚ ‘ਊੜੇ ਤੇ ਜੂੜੇ’ ਦੇ ਵਜੂਦ ਨੂੰ ਹੀ ਸਭ ਤੋਂ ਵੱਡਾ ਖ਼ਤਰਾ: ਬੀਰਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੇ 4500 ਤੋਂ ਵੱਧ ਵਿਦਿਆਰਥੀਆਂ ਦਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਸ਼ੇ ’ਚੋਂ ਫੇਲ੍ਹ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬੀਰਦਵਿੰਦਰ ਸਿੰਘ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਮਾਤ ਭਾਸ਼ਾ ਪ੍ਰਤੀ ਵਿਦਿਆਰਥੀਆਂ ਦੀ ਅਜਿਹੀ ਉਦਾਸੀਨਤਾ ਮਾਪਿਆਂ ਅਤੇ ਅਧਿਆਪਕਾਂ ਦੀ ਨਾ-ਮੁਆਫ਼ਯੋਗ ਅਤੇ ਅਵੇਸਲਾਪਣ ਦੀ ਤਸਦੀਕ ਕਰਦਾ ਹੈ।
ਉਨ੍ਹਾਂ ਕਿਹਾ ਕਿ ਜੇ ਪੰਜਾਬੀ ਭਾਸ਼ਾ ਦੇ ਮੋਹ ਕਾਰਨ, ਅਨੇਕਾਂ ਕੁਰਬਾਨੀਆਂ ਦੇਣ ਅਤੇ ਵਾਰ-ਵਾਰ ਤਕਸੀਮ ਹੋਣ ਤੋਂ ਬਾਅਦ ਹੋਂਦ ਵਿੱਚ ਆਏ ਪੰਜਾਬੀ ਸੂਬੇ ਵਿੱਚ ਮਾਤ ਭਾਸ਼ਾ ਦਾ ਇਹ ਹਾਲ ਹੈ ਤਾਂ ਇਹ ਸਿੱਧੇ ਤੌਰ ’ਤੇ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਪੰਜਾਬੀ ਅਧਿਆਪਕ ਅਤੇ ਮਾਪਿਆਂ ਦੀ ਕਥਿਤ ਨਾਲਾਇਕੀ ਹੈ ਅਤੇ ਇਸ ਮਾਮਲੇ ਵਿੱਚ ਸਾਰਿਆਂ ਸਾਂਝੀ ਜਵਾਬਦੇਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਤਾਂ ਇਸ ਗੱਲ ਦਾ ਹੈ, ਕਿ ‘‘ਅਸੀਂ ਪੰਜਾਬੀ, ਆਪਣੀ ਮਾਂ-ਬੋਲੀ ਪ੍ਰਤੀ ਨਾ ਸੁਚੇਤ ਹਾਂ, ਨਾ ਸੁਹਿਰਦ ਹਾਂ ਅਤੇ ਨਾ ਹੀ ਵਫ਼ਾਦਾਰ ਹਾਂ।’’ ‘‘ਅਸੀਂ ਇਸ ਗੱਲ ਨੂੰ ਬਿਲਕੁਲ ਹੀ ਭੁਲਾ ਬੈਠੇ ਹਾਂ, ਕਿ ਸਾਡੀ ਮਾਂ-ਬੋਲੀ ਸਾਡੀ ਹਯਾਤੀ ਦੇ ਵਜੂਦ ਅਤੇ ਸਾਡੇ ਸਵੈਮਾਨ ਦਾ ਇੱਕ ਅਨਿੱਖੜਵਾਂ ਅੰਗ ਹੈ।’’
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ‘ਊੜੇ ਅਤੇ ਜੂੜੇ’ ਦੇ ਵਜੂਦ ਨੂੰ ਹੀ ਸਭ ਤੋਂ ਵੱਡਾ ਖ਼ਤਰਾ ਹੈ, ਕਿਉਂਕਿ ਭਾਸ਼ਾ ਅਤੇ ਨਿਵੇਕਲੀ ਦਿੱਖ ਹੀ ਸਾਡੀ ਅੱਡਰੀ ਸਿੱਖ ਪਛਾਣ ਦੇ ਪ੍ਰਤੀਕ ਹਨ। ਜਿੱਥੇ ਮਾਂ-ਬੋਲੀ ਨੂੰ ਲੱਗ ਰਹੇ ਖੋਰੇ ਨੂੰ ਠੱਲ੍ਹ ਪਾਉਣਾ ਜ਼ਰੂਰੀ ਹੈ, ਉੱਥੇ ਹੀ ਸਾਰੀਆਂ ‘ਸਿੱਖ ਮਾਵਾਂ’ ਨੂੰ ਵੀ ਚਾਹੀਦਾ ਹੈ ਕਿ ਉਹ ਕੇਸਾਂ ਦੀ ਮਰਿਆਦਾ ਪ੍ਰਤੀ ਸੁਚੇਤ ਹੋ ਕੇ ਆਪਣੇ ਬੱਚਿਆਂ ਦੇ ‘ਜੂੜਿਆਂ’ ਨੂੰ ਸੰਭਾਲਣ ਲਈ ਯਤਨ ਕਰਨ।