
ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 5 ਕਰੋੜ ਦੇ ਨਵੇਂ ਵਿਕਾਸ ਕੰਮਾਂ ਨੂੰ ਮਨਜ਼ੂਰੀ
ਮੁਹਾਲੀ ਨਗਰ ਨਿਗਮ ਵੱਲੋਂ ਸਾਢੇ ਚਾਰ ਕਰੋੜ ਦੇ ਕੰਮਾਂ ਦੇ ਵਰਕ ਆਰਡਰ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਮੁਹਾਲੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਲਈ ਸਾਢੇ 4 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ। ਨਾਲ ਹੀ 5 ਕਰੋੜ ਰੁਪਏ ਦੇ ਨਵੇਂ ਵਿਕਾਸ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ। ਜਿਨ੍ਹਾਂ ਵਿੱਚ ਸੀਵਰੇਜ ਲਾਈਨਾਂ ਦੀ ਮੁਰੰਮਤ, ਮੁੜ ਉਸਾਰੀ ਅਤੇ ਰੋਡ ਗਲੀਆਂ ਦੀ ਸਫ਼ਾਈ ’ਤੇ ਕਰੀਬ 60 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਸਾਰੀਆਂ ਜ਼ੋਨਾਂ ਵਿੱਚ ਮੈਨੂਅਲ ਸਫ਼ਾਈ ਦਾ ਕੰਮ ਠੇਕੇ ’ਤੇ ਦੇਣ ਸਬੰਧੀ ਵਰਕ ਆਰਡਰ ਜਾਰੀ ਕੀਤੇ ਗਏ ਹਨ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪਬਲਿਕ ਪਖਾਨਿਆਂ ਦੀ ਲੋੜੀਂਦੀ ਮੁਰੰਮਤ ਕਾਰਜਾਂ ਦੇ ਵਰਕ ਆਰਡਰ ਵੀ ਜਾਰੀ ਕੀਤੇ ਗਏ ਹਨ।
ਮੀਟਿੰਗ ਵਿੱਚ ਗਮਾਡਾ ਵੱਲੋਂ ਪਿਛਲੇ ਸਮੇਂ ਦੌਰਾਨ ਰੇਹੜੀ-ਫੜੀ ਵਾਲਿਆਂ ਲਈ ਸਟਰੀਟ ਵੈਂਡਿਗ ਜੋਨ ਬਣਾਉਣ ਲਈ ਨਗਰ ਨਿਗਮ ਨੂੰ ਸੌਂਪੀਆਂ ਗਈਆਂ ਚਾਰ ਸਾਈਟਾਂ ਨੂੰ ਵਿਕਸਿਤ ਕਰਨ ਦਾ ਕੰਮ ਪਾਸ ਕੀਤਾ ਗਿਆ ਅਤੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਮਤਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਪਾਰਦਰਸ਼ੀ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰੇ ਵਾਰਡਾਂ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਕੰਮ ਕੀਤੇ ਜਾ ਰਹੇ ਹਨ।
ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਸ੍ਰੀਮਤੀ ਕਿਰਨ ਜੈਨ, ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ, ਗੈਰ ਸਰਕਾਰੀ ਮੈਂਬਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਆਨੰਦ, ਨਗਰ ਨਿਗਮ ਦੇ ਐਸਈ ਨਰੇਸ਼ ਬੱਤਾ ਸਮੇਤ ਸਾਰੇ ਵਿਭਾਗਾਂ ਦੇ ਐਕਸੀਅਨ, ਐਸਡੀਓ ਅਤੇ ਹੋਰ ਅਧਿਕਾਰੀ ਮੌਜੂਦ ਸਨ।