
ਚੰਡੀਗੜ੍ਹ ਯੁਨੀਵਰਸਿਟੀ ਘੜੂੰਆ ਵਿੱਚ 5 ਰੋਜ਼ਾ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਚੰਡੀਗੜ੍ਹ ਯੁਨੀਵਰਸਿਟੀ ਘੜੂੰਆਂ ਵਿਖੇ ਲਗਾਈ ਜਾ ਰਹੀ ਪੰਜ ਰੋਜ਼ਾ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ ਦਾ ਉਦਘਾਟਨ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਕੀਤਾ ਗਿਆ। ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਵੀ ਸ਼ਾਮਲ ਹੋਏ। ਇਸ ਵਰਕਸ਼ਾਪ ਵਿੱਚ 23 ਜ਼ਿਲ੍ਹਿਆਂ ਦੇ 200 ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਇਸ ਯੁਵਕ ਵਰਕਸ਼ਾਪ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸਾਂ ਅਤੇ ਵੱਖ-ਵੱਖ ਸਮਾਜਿਕ, ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਦੀ ਸ਼ਖਸ਼ੀਅਤ ਦਾ ਬਹੁ-ਪੱਖੀ ਵਿਕਾਸ ਕਰਨਾ ਹੈ। ਇਸ ਸਬੰਧੀ ਵਿਸ਼ਾ ਮਾਹਰਾਂ ਵੱਲੋਂ ਵੱਖ-ਵੱਖ ਜਿਲ੍ਹਿਆਂ ਤੋਂ ਆਏ ਨੌਜਵਾਨਾਂ ਨਾਲ ਵੱਖ-ਵੱਖ ਗਰੁੱਪ ਗਤੀਵਿਧੀਆਂ ਜਿਵੇਂ ਪੌਦੇ ਲਗਾਉਣਾ, ਕੁਇਜ਼, ਸਭਿਆਚਾਰਕ ਅਤੇ ਸਾਇਟ ਸੀਨ ਰਾਹੀਂ ਨੌਜਵਾਨਾਂ ਦੀ ਉੂਰਜਾ ਨੂੰ ਸਹੀ ਦਿਸ਼ਾ ਵਿੱਚ ਕੇਂਦਰਿਤ ਕੀਤਾ ਜਾਵੇਗਾ।
ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾ ਅਮਿਤ ਤਲਵਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੂਬੇ ਦੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਦਿੱਤੀਆਂ ਹਦਾਇਤਾਂ ਤਹਿਤ ਇਹ ਵਰਕਸ਼ਾਪ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸ਼ੁਰੂਆਤ ਵਿੱਚ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਆਰਐਸ ਬਾਵਾ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਅਤੇ ਮੁੱਖ ਮਹਿਮਾਨਾਂ ਨੇ ਪੌਦਾ ਲਗਾ ਕੇ ਸਵੱਛ ਵਾਤਾਵਰਨ ਦਾ ਸੁਨੇਹਾ ਦਿੱਤਾ।