ਸੀਬੀਆਈ ਅਦਾਲਤ ਵੱਲੋਂ ਕੱਪੜਾ ਨਿਰਮਾਣ ਕੰਪਨੀ ਦੇ ਡਾਇਰੈਕਟਰ ਦਾ 5 ਰੋਜ਼ਾ ਪੁਲੀਸ ਰਿਮਾਂਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਲੁਧਿਆਣਾ ਦੀ ਐੱਸਈਐੱਲ ਟੈਕਸਟਾਈਲ (ਧਾਗਾ ਤੇ ਕੱਪੜਾ ਨਿਰਮਾਣ ਕੰਪਨੀ) ਦੇ ਡਾਇਰੈਕਟਰ ਨੀਰਜ ਸਲੂਜਾ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਸੀਬੀਆਈ ਨੇ ਬੀਤੇ ਦਿਨੀਂ ਸੈਂਟਰਲ ਬੈਂਕ ਆਫ਼ ਇੰਡੀਆ ਨਾਲ 1530.99 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੀਬੀਆਈ ਦੀ ਜਾਂਚ ਟੀਮ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ 6 ਅਗਸਤ 2020 ਨੂੰ ਧਾਗਾ ਤੇ ਕੱਪੜਾ ਨਿਰਮਾਣ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 120ਬੀ, 467 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸੀਬੀਆਈ ਅਨੁਸਾਰ ਬੈਂਕ ਨਾਲ 1530.99 ਕਰੋੜ ਰੁਪਏ (ਲਗਭਗ) ਦੀ ਧੋਖਾਧੜੀ ਨਾਲ ਸਬੰਧਤ ਉਕਤ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਕੰਪਨੀ ਡਾਇਰੈਕਟਰ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸੀਬੀਆਈ ਦੀ ਜਾਂਚ ਅਨੁਸਾਰ ਕੱਪੜਾ ਨਿਰਮਾਣ ਕੰਪਨੀ ਦੇ ਡਾਇਰੈਕਟਰਾਂ ਸਮੇਤ ਹੋਰਨਾਂ ਮੁਲਜ਼ਮਾਂ ਨੇ ਮਿਲ ਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ।
ਹਾਲਾਂਕਿ ਮੁਲਜ਼ਮਾਂ ਵੱਲੋਂ ਬੈਂਕ ਕਰਜ਼ੇ ਦੀ ਵੱਡੀ ਰਕਮ ਸਬੰਧਤ ਧਿਰਾਂ ਨੂੰ ਮੋੜ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਐਡਜਸਟਮੈਂਟ ਐਂਟਰੀਆਂ ਕੀਤੀਆਂ ਗਈਆਂ ਸਨ, ਪ੍ਰੰਤੂ ਮੁਲਜ਼ਮਾਂ ਨੇ ਗੈਰ-ਨਾਮੀ ਸਪਲਾਇਰਾਂ ਤੋਂ ਮਸ਼ੀਨਾਂ ਦੀ ਖ਼ਰੀਦ ਦਿਖਾਈ ਗਈ। ਇੰਜ ਮੁਲਜ਼ਮਾਂ ਨੇ ਕੁੱਲ ਰਕਮ ਦੇ ਬਿੱਲ ਵਧਾ ਕੇ ਪੇਸ਼ ਕੀਤੇ ਗਏ। ਜਦੋਂਕਿ ਵੇਚੇ ਗਏ ਸਾਮਾਨ ਦੀ ਵਿਕਰੀ ਤੋਂ ਪ੍ਰਾਪਤ ਰਕਮ ਵੀ ਬੈਂਕ ਵਿੱਚ ਜਮ੍ਹਾ ਨਹੀਂ ਕੀਤੀ ਗਈ।
ਸੀਬੀਆਈ ਅਨੁਸਾਰ ਉਕਤ ਕੰਪਨੀ ਦੀਆਂ ਮਲੋਟ, ਨਵਾਂ ਸ਼ਹਿਰ, ਨੇਮਰਾਣਾ (ਰਾਜਸਥਾਨ) ਅਤੇ ਹਾਂਸੀ (ਹਰਿਆਣਾ) ਵਿੱਚ ਇਕਾਈਆਂ ਸਥਾਪਿਤ ਹਨ, ਜੋ ਕਿ ਧਾਗਾ ਅਤੇ ਕੱਪੜੇ ਦੇ ਨਿਰਮਾਣ ਦਾ ਕਾਰੋਬਾਰ ਕਰਦੀ ਸੀ। ਸੀਬੀਆਈ ਨੇ ਕਿਹਾ ਕਿ 14 ਅਗਸਤ 2020 ਨੂੰ ਮੁਲਜ਼ਮਾਂ ਦੇ ਘਰ ਦੀ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਸਨ। ਮੁਲਜ਼ਮਾਂ ਖ਼ਿਲਾਫ਼ ਐਲਓਸੀ ਵੀ ਜਾਰੀ ਕੀਤੀ ਗਈ ਸੀ। ਜਾਂਚ ਦੌਰਾਨ ਸੀਬੀਆਈ ਨੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ। ਜਾਂਚ ਦੌਰਾਨ ਉਕਤ ਡਾਇਰੈਕਟਰ ਆਪਣੇ ਜਵਾਬਾਂ ਵਿੱਚ ਟਾਲ-ਮਟੋਲ ਕਰਦਾ ਪਾਇਆ ਗਿਆ। ਜਿਸ ਨੂੰ ਹੁਣ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪੁੱਛਗਿੱਛ ਦੌਰਾਨ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸੀਬੀਆਈ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …