5 ਰੋਜ਼ਾ ਸ੍ਰੀ ਗਣੇਸ਼ ਮਹਾਉਤਸਵ ਸੰਪੂਰਨ, ਅਖੀਰਲੇ ਦਿਨ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਗਣਪਤੀ ਬੱਪਾ ਮੌਰਿਆ ਦੇ ਜਾਪ ਨਾਲ ਗੂੰਜਿਆ ਮੁਹਾਲੀ ਸ਼ਹਿਰ, ਮੂਰਤੀ ਵਾਲੇ ਰੱਥ ਨੂੰ ਹੱਥਾਂ ਨਾਲ ਖਿੱਚ ਕੇ ਲਿਆਏ ਸ਼ਰਧਾਲੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਵੱਲੋਂ ਇੱਥੋਂ ਦੇ ਫੇਜ਼-9 ਦੀ ਮਾਰਕੀਟ ਵਿੱਚ ਖੁੱਲ੍ਹੇ ਪੰਡਾਲ ਵਿੱਚ ਆਯੋਜਿਤ 5 ਰੋਜ਼ਾ ਗਣੇਸ਼ ਮਹਾਉਤਸਵ ਅੱਜ ਸੰਪੂਰਨ ਹੋ ਗਿਆ। ਇਸ ਮੌਕੇ ਸ੍ਰੀ ਗਣੇਸ਼ ਨੂੰ ਢੋਲ ਢਮੱਕੇ ਨਾਲ ਰਸਮੀ ਵਿਦਾਇਗੀ ਦਿੰਦਿਆਂ ਸ੍ਰੀ ਗਣੇਸ਼ ਦੀ ਮੂਰਤੀ ਨੂੰ ਵਿਸਰਜਨ ਕਰਨ ਤੋਂ ਪਹਿਲਾਂ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਸਮਾਗਮ ਵਾਲੀ ਥਾਂ ਤੋਂ ਸ਼ੁਰੂ ਹੋ ਕੇ ਪੀਟੀਐਲ ਚੌਂਕ ਤੱਕ ਪਹੁੰਚੀ। ਇਸ ਤੋਂ ਅੱਗੇ ਗਣੇਸ਼ ਜੀ ਦੀ ਮੂਰਤੀ ਨੂੰ ਫੁੱਲਾਂ ਨਾਲ ਸਿੰਗਾਰੇ ਇੱਕ ਟਰੱਕ ਰਾਹੀਂ ਭਾਖੜਾ ਨਹਿਰ ਰੂਪਨਗਰ ਵਿੱਚ ਵਿਸਰਜਨ ਕੀਤਾ ਗਿਆ।
ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਦੇ ਮੁਖੀ ਰਮੇਸ਼ ਦੱਤ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਇਲਾਕੇ ਦੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਗਣਮਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ। ਸ਼ੋਭਾ ਯਾਤਰਾ ਦੇ ਸਵਾਗਤ ਕਰਨ ਲਈ ਸ਼ਹਿਰ ਵਿੱਚ ਥਾਂ-ਥਾਂ ’ਤੇ ਸਵਾਗਤੀ ਗੇਟ ਬਣਾਏ ਗਏ ਅਤੇ ਵੱਖ-ਵੱਖ ਮਾਰਕੀਟ ਕਮੇਟੀਆਂ ਅਤੇ ਸ਼ਰਧਾਲੂਆਂ ਵੱਲੋਂ ਸੁੱਕੇ ਮੇਵੇ ਅਤੇ ਫਲ ਫਰੂਟ ਦੇ ਲੰਗਰ ਲਗਾਏ ਗਏ। ਦੇਸ਼ ਦੇ ਵੱਖ-ਵੱਖ ਨਾਮੀ ਬੈਂਡ ਵਾਜਾ ਮੰਡਲੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।

ਰਮੇਸ਼ ਦੱਤ ਸ਼ਰਮਾ ਨੇ ਦੱਸਿਆ ਕਿ ਸੋਭਾ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਵੱਲੋਂ ਮੂਰਤੀ ਵਾਲੇ ਰੱਥ ਨੂੰ ਆਪਣੇ ਹੱਥਾਂ ਨਾਲ ਖਿੱਚ ਕੇ ਫੇਜ਼-9 ਸਥਿਤ ਸਮਾਗਮ ਵਾਲੇ ਪੰਡਾਲ ਤੋਂ ਪੀਟੀਐਲ ਚੌਂਕ ਤੱਕ ਲਿਆਂਦਾ ਗਿਆ ਅਤੇ ਪੀਟੀਐਲ ਚੌਂਕ ਤੋਂ ਅੱਗੇ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਦੇ ਮੈਂਬਰ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਭਾਖੜਾ ਨਹਿਰ ਵਿੱਚ ਵਿਸਰਜਨ ਲਈ ਰੂਪਨਗਰ ਲਈ ਰਵਾਨਾ ਹੋਏ। ਸ਼ੋਭਾ ਯਾਤਰਾ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਮੁਹਾਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਟਰੈਫ਼ਿਕ ਪੁਲੀਸ ਵੱਲੋਂ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …