
ਮੁਹਾਲੀ ਵਿੱਚ ਕਰੋਨਾ ਦੇ 5 ਹੋਰ ਨਵੇਂ ਮਾਮਲੇ ਸਾਹਮਣੇ ਆਏ, ਦੋ ਮਰੀਜ਼ਾਂ ਨੂੰ ਮਿਲੀ ਛੁੱਟੀ
ਸਿਹਤ ਵਿਭਾਗ ਨੇ ਅੱਜ 280 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਮੁਹਾਲੀ ਵਿੱਚ ਫਿਰ ਤੋਂ ਕਰੋਨਾਵਾਇਰਸ ਦੀ ਮਹਾਮਾਰੀ ਤੋਂ ਪੀੜਤ ਕੇਸ ਆਉਣੇ ਸ਼ੁਰੂ ਹੋ ਗਏ ਹਨ। ਸੋਮਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਪੰਜ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕੁਝ ਦਿਨ ਪਹਿਲਾਂ ਕਰੋਨਾ ਮੁਕਤ ਐਲਾਨੇ ਜਾ ਚੁੱਕੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 136 ਹੋ ਗਈ ਹੈ। ਜਿਨ੍ਹਾਂ ’ਚੋਂ 23 ਨਵੇਂ ਕੇਸ ਐਕਟਿਵ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ ਇੱਥੋਂ ਦੇ ਸੈਕਟਰ-66 ਦੇ ਵਸਨੀਕ ਗੁਰਵਿੰਦਰ ਸਿੰਘ (36) ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਮੁੰਬਈ ਦੇ ਇਕ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ। ਦੱਸਿਆ ਗਿਆ ਹੈ ਕਿ ਕੁਝ ਦਿਨਾਂ ਪਹਿਲਾਂ ਗੁਰਵਿੰਦਰ ਕੋਲ ਮੁੰਬਈ ਤੋਂ ਕੁਝ ਦੋਸਤ ਮੁਹਾਲੀ ਵਿੱਚ ਰਹਿਣ ਆਏ ਸੀ, ਹਾਲਾਂਕਿ ਉਹ ਇੱਥੇ ਰਹਿਣ ਤੋਂ ਬਾਅਦ ਵਾਪਸ ਮੁੰਬਈ ਚਲੇ ਗਏ ਸੀ ਪ੍ਰੰਤੂ ਵਾਪਸੀ ਸਮੇਂ ਮੁੰਬਈ ਵਿੱਚ ਮੈਡੀਕਲ ਜਾਂਚ ਦੌਰਾਨ ਇਕ ਵਿਅਕਤੀ ਕਰੋਨਾ ਤੋਂ ਪੀੜਤ ਆਇਆ ਗਿਆ। ਇਸ ਤਰ੍ਹਾਂ ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਗੁਰਵਿੰਦਰ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ। ਅੱਜ ਉਸ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇੰਜ ਹੀ ਸ਼ਾਮ ਨੂੰ ਕੁਰਾਲੀ ਵਾਸੀ ਪੀੜਤ ਪੁਲੀਸ ਕਰਮਚਾਰੀ ਦੀ ਮਾਂ ਸਰਬਜੀਤ ਕੌਰ (42), ਰਿਸ਼ਤੇਦਾਰ ਬਿਕਰਮ ਸਿੰਘ (39) ਵਾਸੀ ਦੁਲਵਾਂ ਖੱਦਰੀ ਅਤੇ ਦੋ ਦੋਸਤ ਦਵਿੰਦਰ ਸਿੰਘ (25) ਅਤੇ ਮਨਪ੍ਰੀਤ ਸਿੰਘ (28) ਸ਼ਾਮਲ ਹਨ।
ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਮੁਹਾਲੀ ਸਮੇਤ ਹੋਰ ਵੱਖ-ਵੱਖ ਫਲੂ ਕਾਰਨਰਾਂ ਤੋਂ 280 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 132 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਅਤੇ 110 ਮਰੀਜ਼ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 19 ਹੈ। ਇਹ ਸਾਰੇ ਪੀੜਤ ਮਰੀਜ਼ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ 183 ਸੈਂਪਲਾਂ ’ਚੋਂ ਅੱਜ ਇਕ ਪਾਜ਼ੇਟਿਵ ਕੇਸ ਨੂੰ ਛੱਡ ਕੇ ਬਾਕੀ 122 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂਕਿ 60 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-77 ਦੇ ਵਸਨੀਕ ਨੌਜਵਾਨ ਜਾਕਿਰ ਹੁਸੈਨ (21) ਅਤੇ ਹਰਮਨਦਕੀਪ ਕੌਰ (29) ਵਾਸੀ ਸੈਕਟਰ-71 ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਇਨ੍ਹਾਂ ਦੋਵੇਂ ਮਰੀਜ਼ਾਂ ਨੂੰ ਅੱਜ ਗਿਆਨ ਸਾਗਰ ਹਸਪਤਾਲ ’ਚੋਂ ਛੁੱਟੀ ਦੇ ਕੇ ਵਾਪਸ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਪੀੜਤ 19 ਮਰੀਜ਼ਾਂ ਦੀ ਹਾਲਤ ਵਿੱਚ ਖ਼ਤਰੇ ਤੋਂ ਬਾਹਰ ਹਨ। ਮੈਡੀਕਲ ਟੀਮਾਂ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।