ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਨੇ ਚੁੱਕੀ ਸਹੁੰ, ਕੁੱਲ ਗਿਣਤੀ ਹੋਈ 28
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 17 ਫਰਵਰੀ:
ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਨੇ ਅੱਜ ਸਹੁੰ ਚੁੱਕੀ, ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿੱਚ ਕੁੱਲ ਜੱਜਾਂ ਦੀ ਗਿਣਤੀ 28 ਹੋ ਗਈ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਿਛਲੇ ਦਿਨੀਂ ਇਨ੍ਹਾਂ 5 ਜੱਜਾਂ ਦੇ ਨਾਂਵਾਂ ਤੇ ਆਪਣੀ ਮੋਹਰ ਲਾਈ ਸੀ। ਸਹੁੰ ਚੁੱਕਣ ਵਾਲੇ ਜੱਜਾਂ ਵਿੱਚ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਸੰਜੇ ਕਿਸ਼ਨ ਕੌਲ, ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਨਵੀਨ ਸਿਨਹਾ, ਛੱਤੀਸਗੜ੍ਹ ਹਾਈ ਕੋਰਟ ਦੇ ਚੀਫ ਜਸਟਿਸ ਦੀਪਕ ਗੁਪਤਾ, ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਮੋਹਨ ਐਮ. ਸ਼ਾਂਤਨਾਗੋਦਰ ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਐਸ. ਅਬਦੁੱਲ ਨਜੀਰ ਸ਼ਾਮਲ ਹਨ।
ਸੁਪਰੀਮ ਕੋਰਟ ਵਿੱਚ ਜੱਜਾਂ ਦੇ 31 ਅਹੁਦੇ ਹਨ ਪਰ ਕੱਲ ਤੱਕ ਇਸ ਦੇ 8 ਅਹੁਦੇ ਖਾਲੀ ਸਨ। ਅੱਜ 5 ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹੀ ਇਸ ਵਿੱਚ ਕੁੱਲ 28 ਜੱਜ ਹੋ ਗਏ। ਹੁਣ ਵੀ ਤਿੰਨ ਅਹੁਦੇ ਖਾਲੀ ਹਨ। ਅਜਿਹਾ ਘੱਟ ਹੀ ਹੁੰਦਾ ਹੈ ਕਿ ਹਾਈ ਕੋਰਟ ਦਾ ਚੀਫ ਜਸਟਿਸ ਨਾ ਹੋਣ ਦੇ ਬਾਵਜੂਦ ਕਿਸੇ ਜੱਜ ਨੂੰ ਚੁਣ ਕੇ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾਵੇ ਪਰ ਕਰਨਾਟਕ ਹਾਈ ਕੋਰਟ ਦੇ ਜੱਜ ਐਸ. ਅਬਦੁੱਲ ਨਜੀਰ ਨੂੰ ਇਹ ਮੌਕਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 1998 ਵਿੱਚ ਦਿੱਲੀ ਹਾਈ ਕੋਰਟ ਦੇ ਜੱਜ ਆਰ.ਸੀ. ਲਾਹੋਟੀ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ।