nabaz-e-punjab.com

ਡੇਰਾ ਕੇਸ: ਮੁਹਾਲੀ ਦੇ 5 ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਤੋਂ ਮੁਹਾਲੀ ਆਉਣ ਲਈ ਨਹੀਂ ਮਿਲੀ ਟਿਕਟ, ਰੇਲ ਸੇਵਾਵਾਂ ਬੰਦ

ਦਹਿਸ਼ਤ ਕਾਰਨ ਵਿਆਹ ਨਹੀਂ ਗਿਆ ਖਰੜ ਦਾ ਪਰਿਵਾਰ, ਸਹਾਰਨਪੁਰ ਤੋਂ ਤਿੰਨ ਬਾਅਦ ਘਰ ਪਰਤਿਆ ਬਲਜੀਤ ਖਾਲਸਾ

ਜ਼ਿਲ੍ਹਾ ਐਸਏਐਸ ਨਗਰ ਮੁਹਾਲੀ ਅਧੀਨ ਆਉਂਦੇ ਡੇਰਾ ਪ੍ਰੇਮੀਆਂ ਦੇ ਪੰਜ ਨਾਮ ਚਰਚਾ ਘਰ ਸੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਡੇਰਾ ਸਿਰਸਾ ਮੁਖੀ ਵਿਵਾਦ ਦਾ ਸੇਕ ਦੂਰ ਦੂਰ ਤੱਕ ਲੱਗਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਫੇਜ਼-2 ਦੇ ਵਸਨੀਕ ਤੇ ਗੁਰੂ ਘਰ ਦੇ ਸ਼ਰਧਾਲੂ ਮਨਮੋਹਨਜੀਤ ਸਿੰਘ ਅਤੇ ਉਸ ਦੇ 4 ਸਾਥੀਆਂ ਨੂੰ ਹਜ਼ੂਰ ਸਾਹਿਬ ਤੋਂ ਮੁਹਾਲੀ ਆਉਣ ਲਈ ਰੇਲਵੇ ਸਟੇਸ਼ਨ ਤੋਂ ਰੇਲਵੇ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਨੂੰ ਕੁੱਝ ਹੋਰ ਦਿਨਾਂ ਲਈ ਹਜ਼ੂਰ ਸਾਹਿਬ ਹੀ ਰੁਕਣਾ ਪੈ ਗਿਆ ਹੈ। ਮਨਮੋਹਨਜੀਤ ਦੀ ਪਤਨੀ ਬੀਬੀ ਅਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਆਪਣੇ ਚਾਰ ਸਾਥੀਆਂ ਨਾਲ ਬੀਤੀ 21 ਅਗਸਤ ਨੂੰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਘਰੋਂ ਗਏ ਸੀ। ਸ਼ਰਧਾਲੂ ਮਨਮੋਹਨਜੀਤ ਸਿੰਘ ਵੱਖ ਵੱਖ ਧਾਰਮਿਕ ਅਸਥਾਨਾਂ ’ਤੇ ਜਾ ਕੇ ਸ਼ਰਧਾਲੂਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਮੁਫ਼ਤ ਦਵਾਈਆਂ ਵੰਡਦੇ ਹਨ। ਸ੍ਰੀ ਹਜ਼ੂਰ ਸਾਹਿਬ ਵੀ ਉਹ ਸੰਗਤ ਲਈ ਦਵਾਈਆਂ ਲੈ ਕੇ ਗਏ ਸੀ।
ਬੀਬੀ ਅਰਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਵਾਪਸ ਆਉਣ ਸੀ ਪਰ ਜਦੋਂ ਨਹੀਂ ਆਏ ਤਾਂ ਉਨ੍ਹਾਂ ਨੇ ਪਤਾ ਕੀਤਾ। ਉਸ ਦੇ ਪਤੀ ਨੇ ਦੱਸਿਆ ਕਿ ਉਹ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ’ਤੇ ਵਾਪਸੀ ਦੀਆਂ ਟਿਕਟ ਲੈਣ ਲਈ ਗਏ ਸੀ ਲੇਕਿਨ ਰੇਲਵੇ ਸਟਾਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਡੇਰਾ ਕੇਸ ਸਬੰਧੀ 30 ਅਗਸਤ ਤੱਕ ਰੇਲਵੇ ਸੇਵਾਵਾਂ ਬੰਦ ਹਨ। ਜਿਸ ਕਾਰਨ ਉਨ੍ਹਾਂ ਨੂੰ ਉੱਥੇ ਹੀ ਰੁਕਣਾ ਪੈ ਗਿਆ ਹੈ। ਜਿਸ ਕਾਰਨ ਮੁਹਾਲੀ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫੀ ਫਿਰਦਮੰਦ ਹਨ। ਉਨ੍ਹਾਂ ਦੱਸਿਆ ਕਿ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੇ ਬਾਜ਼ਾਰ ਜਾ ਕੇ ਹਫ਼ਤਾ ਦਾ ਇਕੱਠਾ ਘਰੇਲੂ ਖਰੀਦ ਲਿਆ ਹੈ।

ਇਸੇ ਦੌਰਾਨ ਪੰਥਕ ਵਿਚਾਰ ਮੰਚ ਚੰਡੀਗੜ੍ਹ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਅੱਜ ਤਿੰਨ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਸੰਨੀ ਇਨਕਲੇਵ ਸਥਿਤ ਆਪਣੇ ਘਰ ਪਹੁੰਚੇ ਹਨ। ਉਹ ਬੀਤੀ 25 ਅਗਸਤ ਨੂੰ ਸਹਾਰਨਪੁਰ ਵਾਪਸ ਖਰੜ ਆ ਰਹੇ ਸੀ ਕਿ ਸ਼ਾਮ ਨੂੰ ਅਚਾਨਕ ਰੇਲ ਸੇਵਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੰਕਟ ਵਿੱਚ ਫਸੇ ਯਾਤਰੀਆਂ ਦੀ ਸਹੂਲਤ ਲਈ ਖੱਟਰ ਸਰਕਾਰ ਨੇ ਕੋਈ ਸੁਵਿਧਾ ਮੁਹੱਈਆ ਨਹੀਂ ਕੀਤੀ। ਇੰਝ ਹੀ ਖਰੜ ਦਾ ਇੱਕ ਪਰਿਵਾਰ ਦਹਿਸ਼ਤ ਕਾਰਨ ਰਾਜਪੁਰਾ ਨੇੜਲੇ ਪਿੰਡ ਬਡੌਲੀ ਵਿੱਚ ਲੜਕੀ ਦੇ ਵਿਆਹ ਵਿੱਚ ਜਾ ਸਕਿਆ। ਲੜਕੀਆਂ ਵਾਲਿਆਂ ਨੇ ਪਹਿਲਾਂ ਰਾਜਪੁਰਾ ਦੇ ਇੱਕ ਪੈਲਸ ਵਿੱਚ ਵਿਆਹ ਰੱਖਿਆ ਸੀ ਲੇਕਿਨ ਡੇਰਾ ਵਿਵਾਦ ਕਾਰਨ ਐਨ ਮੌਕੇ ਉਨ੍ਹਾਂ ਨੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੇਟੀ ਦਾ ਵਿਆਹ ਕੀਤਾ ਅਤੇ ਡਰਦੇ ਮਾਰੇ ਕਾਫੀ ਰਿਸ਼ਤੇਦਾਰ ਵਿਆਹ ਵਿੱਚ ਨਹੀਂ ਪਹੁੰਚ ਸਕੇ।
ਉਧਰ, ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਨੇ ਜ਼ਿਲ੍ਹੇ ਅਧੀਨ ਆਉਂਦੇ ਡੇਰਾ ਸਿਰਸਾ ਨਾਲ ਸਬੰਧਤ 5 ਨਾਮ ਚਰਚਾ ਘਰ ਸੀਲ ਕਰਕੇ ਇਨ੍ਹਾਂ ਥਾਵਾਂ ’ਤੇ ਪੁਲੀਸ ਦਾ ਪਹਿਰਾ ਬਿਠਾ ਦਿੱਤਾ ਹੈ। ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਚਾਰ ਨਾਮ ਚਰਚਾ ਘਰਾਂ ਤਾਲੇ ਜੜ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਜਦੋਂ ਕਿ ਬਨੂੜ ਦਾ ਨਾਮ ਚਰਚਾ ਜ਼ਿਲ੍ਹਾ ਪਟਿਆਲਾ ਦੀ ਪੁਲੀਸ ਅਧੀਨ ਆਉਂਦਾ ਹੈ। ਉਸ ਨੂੰ ਵੀ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਨਵਾਂ ਗਰਾਓ ਵਿੱਚ ਬਣੇ ਨਾਮ ਚਰਚਾ ਘਰ ਸਮੇਤ ਪਿੰਡ ਭਾਖਰਪੁਰ, ਲਾਲੜੂ ਅਤੇ ਡੇਰਾਬੱਸੀ ਵਿੱਚ ਡੇਰੇ ਸਬੰਧਤ ਸਤਿਸੰਗ ਘਰਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਇਨ੍ਹਾਂ ਸਾਰੀਆਂ ਥਾਵਾਂ ’ਤੇ ਪੁਲੀਸ ਜਵਾਨਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਪੂਰੀ ਤਰ੍ਹਾਂ ਅਮਨ ਅਮਾਨ ਹੈ ਅਤੇ ਭਲਕੇ ਸੋਮਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਬਲਾਤਾਕਰ ਮਾਮਲੇ ਵਿੱਚ ਸਜ਼ਾ ਸੁਣਾਉਣ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਪੰਚਕੂਲਾ ਨਾਲ ਲੱਗਦੀਆਂ ਮੁਹਾਲੀ ਜ਼ਿਲ੍ਹੇ ਦੀਆਂ ਸਾਰੀਆਂ ਹੱਦਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਹਾਲੀ ਕੌਮਾਂਤਰੀ ਏਅਰਪੋਰਟ, ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਉਹ ਖ਼ੁਦ ਵੀ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਪੁਲੀਸ ਨਾਕਿਆਂ ਤੇ ਹੋਰ ਪ੍ਰਬੰਧਾਂ ਦੀ ਚੈਕਿੰਗ ਕਰ ਰਹੇ ਹਨ।
ਉਧਰ, ਅੱਜ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ (ਸਤਿਸੰਗ) ਨਹੀਂ ਕਰ ਦਿੱਤਾ ਗਿਆ। ਇਹੀ ਨਹੀਂ ਮੁਹਾਲੀ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਕਾਫੀ ਥਾਵਾਂ ’ਤੇ ਡੇਰਾ ਪ੍ਰੇਮੀਆਂ ਵਾਰੋ ਵਾਰੀ ਹਫ਼ਤਾਵਾਰੀ ਹਰੇਕ ਐਤਵਾਰ ਨੂੰ ਆਪਣੇ ਘਰਾਂ ਵਿੱਚ ਨਾਮ ਚਰਚਾ ਕਰਨ ਲਈ ਇਕੱਠੇ ਹੁੰਦੇ ਸਨ ਲੇਕਿਨ ਪੰਚਕੂਲਾ ਵਿੱਚ ਭੜਕੀ ਹਿੰਸਾ ਤੋਂ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਘਰਾਂ ਵਿੱਚ ਵੀ ਨਾਮ ਚਰਚਾ ਨਹੀਂ ਹੋ ਸਕੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…