ਮੁਹਾਲੀ ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲ ਬਣਨਗੇ ‘ਸਕੂਲ ਆਫ਼ ਹੈਪੀਨੈਸ’
ਹਰੇਕ ਸਕੂਲ ਦਾ ਅੌਸਤਨ 40 ਲੱਖ ਰੁਪਏ ਨਾਲ ਕੀਤਾ ਜਾਵੇਗਾ ਬੁਨਿਆਦੀ ਢਾਂਚਾ ਅਪਗਰੇਡ
ਨਬਜ਼-ਏ-ਪੰਜਾਬ, ਮੁਹਾਲੀ, 4 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪੰਜ ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ਼ ਹੈਪੀਨੈੱਸ’ ਬਣਾਇਆ ਜਾਵੇਗਾ। ਇਸ ਤਹਿਤ 40 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਸਕੂਲ ਵਿੱਚ ਬੁਨਿਆਦੀ ਢਾਂਚਾ ਅਪਗਰੇਡ ਕੀਤਾ ਜਾਵੇਗਾ। ਇਹ ਪ੍ਰਗਟਾਵਾ ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਪ੍ਰੇਮ ਕੁਮਾਰ ਮਿੱਤਲ ਨਾਲ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਵਿੱਚ ਸਕੂਲ ਪ੍ਰਬੰਧਾਂ ਦੀ ਸਮੀਖਿਆ ਕੀਤੀ। ਅਪਗਰੇਡ ਹੋਣ ਵਾਲੇ ਸਕੂਲਾਂ ਵਿੱਚ ਬੜਮਾਜਰਾ, ਮਾਣਕਮਾਜਰਾ, ਝੰਜੇੜੀ, ਭਗਵਾਸ ਅਤੇ ਪੜੌਲ ਸ਼ਾਮਲ ਹਨ। ਸਕੂਲ ਆਫ਼ ਹੈਪੀਨੈਸ ਦੇ ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਮਨੁੱਖੀ ਵਸੀਲਿਆਂ, ਫਾਉਡੇਸ਼ਨਲ ਲਰਨਿੰਗ ਦੀ ਪ੍ਰਾਪਤੀ ਅਤੇ ਬੱਚਿਆਂ ਦੇ ਬਹੁਪੱਖੀ ਵਿਕਾਸ ’ਤੇ ਧਿਆਨ ਕੇਂਦਰਿਤ ਕਰਨਗੇ। ਐਸਡੀਐਮ ਨੇ ਸਮੱਗਰਾ ਸਿੱਖਿਆ ਅਭਿਆਨ ਅਤੇ ਮਿਡ-ਡੇਅ-ਮੀਲ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਵੀ ਜਾਇਜ਼ਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਸਮੱਗਰਾ ਸਿੱਖਿਆ ਅਭਿਆਨ ਅਧੀਨ ਸਿਵਲ ਵਰਕਸ ਤਹਿਤ ਵੱਖ-ਵੱਖ ਗਰਾਂਟਾਂ ਪ੍ਰਾਪਤ ਹੋਈਆਂ ਹਾਨ, ਜਿਨ੍ਹਾਂ ਵਿੱਚ ਅਕੂਤਬਰ 2024 ਦੌਰਾਨ ਸਾਲ 2023-24 ਦੀ ਵਾਧੂ ਗਰਾਂਟ ਅਧੀਨ 67 ਕੰਮਾਂ ਲਈ 556.32 ਲੱਖ ’ਚੋਂ 467.26 ਲੱਖ ਰੁਪਏ ਦੀ ਗਰਾਂਟ ਖ਼ਰਚੀ ਜਾ ਚੁੱਕੀ ਹੈ, ਜਦੋਂਕਿ ਬਾਕੀ 89.06 ਲੱਖ ਰੁਪਏ 28 ਫਰਵਰੀ ਤੱਕ ਖ਼ਰਚ ਕਰਕੇ ਉਸਾਰੀ ਦੇ ਕੰਮ ਮੁਕੰਮਲ ਕਰ ਲਏ ਜਾਣਗੇ। ਨਵੰਬਰ 2024 ਦੌਰਾਨ ਸਾਲ ਉਸਾਰੀ ਕੰਮਾਂ ਜਿਵੇਂ ਕਿ ਵਾਧੂ ਕਮਰੇ, ਆਰਟ ਐਂਡ ਕਰਾਫ਼ਟ ਰੂਮ, ਲਾਇਬਰੇਰੀ ਰੂਮ, ਕੁੜੀਆਂ ਅਤੇ ਮੁੰਡਿਆਂ ਦੇ ਪਖ਼ਾਨੇ, ਵੱਡੀ ਮੁਰੰਮਤ, ਸਾਇੰਸ ਲੈਬ) ਲਈ ਮਿਲੀ ਮਿਲੀ 645.64 ਲੱਖ ਦੀ ਗਰਾਂਟ ’ਚੋਂ 622.06 ਲੱਖ ਖਰਚੇ ਜਾ ਚੁੱਕੇ ਹਨ ਅਤੇ ਬਾਕੀ ਫ਼ੰਡਾਂ ਨਾਲ ਰਹਿੰਦੇ ਕੰਮ ਇਸੇ ਮਹੀਨੇ ਮੁਕੰਮਲ ਕਰ ਲਏ ਜਾਣਗੇ।
ਨਬਾਰਡ ਸਕੀਮ ਤਹਿਤ ਨਬਾਰਡ 27-ਬੀ ਅਧੀਨ ਵਾਧੂ ਕਲਾਸ ਰੂਮਜ਼ ਅਤੇ ਇੰਟਰੈਕਟਿਵ ਪੈਨਲ ਲਈ 410.10 ਲੱਖ ਰੁਪਏ ਦੀ ਪ੍ਰਾਪਤ ਗਰਾਂਟ ਖ਼ਰਚ ਲਈ ਗਈ ਹੈ ਅਤੇ ਨਬਾਰਡ 29 ਅਧੀਨ ਵਾਧੂ ਕਲਾਸ ਰੂਮਜ਼ ਲਈ 116.47 ਲੱਖ ਰੁਪਏ ਦੀ ਪ੍ਰਾਪਤ ਗਰਾਂਟ ਵਿੱਖ 60.96 ਲੱਖ ਰੁਪਏ ਦੀ ਗਰਾਂਟ ਖ਼ਰਚ ਕੀਤੀ ਜਾ ਚੁੱਕੀ ਹੈ ਅਤੇ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਵਿੱਚ 11 ਫਰਵਰੀ ਨੂੰ ਸਕੂਲ ਸਫ਼ਾਈ ਸਿੱਖਿਆ ਵਧਾਈ ਵਿਸ਼ੇ ’ਤੇ ਮੈਗਾ ਸਕੂਲ ਮੈਨੇਜਮੈਂਟ ਕਮੇਟੀ ਮੀਟਿੰਗ ਕਰਵਾਈ ਜਾਵੇਗੀ।
ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਯੂਕੇਜੀ, ਪਹਿਲੀ ਤੋਂ ਪੰਜਵੀਂ ਅਤੇ ਛੇਵੀਂ ਤੋਂ ਅੱਠਵੀਂ ਦੇ 88532 ਬੱਚਿਆਂ ਦੇ ਮਿਡ-ਡੇਅ-ਮੀਲ ਲਈ ਪਹਿਲੇ, ਦੂਜੇ ਅਤੇ ਤੀਜੇ ਕੁਆਰਟਰ ਦੇ ਫੂਡ ਗਰੇਨਜ਼ ਦੀ ਵੰਡ, ਐਫ਼ਸੀਆਈ ਵਿਭਾਗ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਚੌਥੇ ਕੁਆਰਟਰ ਦੇ ਅਨਾਜ ਦੀ ਇੰਸਪੈਕਸ਼ਨ ਐਫ਼ਸੀਆਈ ਵੱਲੋਂ ਕੀਤੀ ਜਾ ਚੱਕੀ ਹੈ। ਹਰੇਕ ਸਨਿੱਚਰਵਾਰ ਨੂੰ ਮਿਡ-ਡੇਅ-ਮੀਲ ਮੀਨੂ ਵਿੱਚ ਫਲ (ਇੱਕ-ਇੱਕ ਕੇਲਾ) ਵੀ ਦਿੱਤਾ ਜਾਂਦਾ ਹੈ।