
ਪੰਜਾਬ ਵਿੱਚ 500 ਮਰੀਜ਼ ਹੀਮੋਫੀਲੀਆ ਦੀ ਬਿਮਾਰੀ ਦਾ ਸ਼ਿਕਾਰ
ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਹੀਮੋਫੀਲੀਆ ਦਾ ਮੁਫ਼ਤ ਇਲਾਜ ਸ਼ੁਰੂ: ਸਿੱਧੂ
ਮੁਹਾਲੀ ਵਿੱਚ ਪਹਿਲੇ ਮਰੀਜ਼ ਦਾ ਐਂਟੀ ਹੀਮੋਫੀਲੀਆ ਫੈਕਟਰ-8 ਨਾਲ ਕੀਤਾ ਗਿਆ ਸਫਲ ਇਲਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬੇ ਦੀਆਂ ਤਮਾਮ ਸਰਕਾਰੀ ਸਿਹਤ ਸੰਸਥਾਵਾਂ ਦੇ ਮਜ਼ਬੂਤੀਕਰਨ ਦਾ ਕੰਮ ਵੱਡੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੀਮੋਫੀਲੀਆ ਨਾਮਕ ਬਿਮਾਰੀ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬਧ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੀਮੋਫ਼ੀਲੀਆ ਦੇ ਇਲਾਜ ਲਈ ਮਰੀਜ਼ਾਂ ਨੂੰ ਲਗਭਗ 18 ਤੋਂ 80 ਲੱਖ ਰੁਪਏ ਤੱਕ ਸਾਲਾਨਾ ਖ਼ਰਚਾ ਕਰਨਾ ਪੈਂਦਾ ਸੀ। ਇਹ ਸਾਰਾ ਖ਼ਰਚਾ ਹੁਣ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਜਿਸ ਲਈ ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਪਹਿਲੇ ਮਰੀਜ਼ ਦਾ ਇਲਾਜ ਕੀਤਾ ਗਿਆ ਹੈ ਜੋ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਸਥਾਪਿਤ ਇੰਟੀਗਰੇਟਿਡ ਕੇਅਰ ਸੈਂਟਰ ਫ਼ਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫ਼ੀਲੀਆ ਵਿੱਚ ਐਂਟੀ ਹੀਮੋਫ਼ੀਲਿਕ ਫੈਕਟਰ-8 ਨਾਲ ਇਲਾਜ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਣ ਸਮੇਂ ਆਪਣਾ ਮੂੰਹ ਮਾਸਕ, ਕੱਪੜੇ, ਚੁੰਨੀ, ਰੁਮਾਲ ਨਾਲ ਢੱਕ ਕੇ ਰੱਖਣ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣ।
ਸ੍ਰੀ ਸਿੱਧੂ ਨੇ ਦੱਸਿਆ ਕਿ ਐਂਟੀ ਹੀਮੋਫੀਲੀਆ ਫੈਕਟਰ ਦੇ ਨਾਲ ਇਲਾਜ ਕਰਨ ਲਈ ਸਟਾਫ ਦੀ ਵਿਸ਼ੇਸ਼ ਟਰੇਨਿੰਗ ਪੀਜੀਆਈ ਦੇ ਮਾਹਰ ਡਾਕਟਰਾਂ ਅਤੇ ਵੈਬੀਨਾਰ ਰਾਹੀਂ ਮਾਹਰਾਂ ਵੱਲੋਂ ਕੀਤੀ ਗਈ ਹੈ। ਬੱਚਿਆਂ ਦੇ ਮਾਹਰ ਡਾਕਟਰਾਂ, ਮੈਡੀਕਲ ਸਪੈਸ਼ਲਿਸਟ, ਸਟਾਫ਼ ਨਰਸ ਅਤੇ ਲੈਬ ਟੈਕਨੀਸ਼ੀਅਨ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ ਅਤੇ ਭਵਿੱਖ ਵਿੱਚ ਮਰੀਜ਼ਾਂ ਦਾ ਤਸੱਲੀਬਖ਼ਸ਼ ਇਲਾਜ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਪੀਜੀਆਈ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਇਹ ਇਲਾਜ ਸੇਵਾਵਾਂ ਪੰਜਾਬ ਵਿੱਚ ਉਪਲਬਧ ਹਨ। ਇਸ ਨਾਲ ਲੋੜਵੰਦ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਸਬੰਧੀ ਸਟੇਟ ਨੋਡਲ ਅਫ਼ਸਰ ਡਾ. ਮਨਪ੍ਰੀਤ ਛਤਵਾਲ ਨੇ ਦੱਸਿਆ ਕਿ ਹੀਮੋਫੀਲੀਆ ਦੇ ਮਰੀਜ਼ ਦੇ ਖੂਨ ਨਿਕਲਣ ’ਤੇ ਇਹ ਫੈਕਟਰ ਦਿੱਤਾ ਜਾਂਦਾ ਹੈ। ਇਹ ਫੈਕਟਰ ਨਾ ਮਿਲਣ ਕਰਕੇ ਮਰੀਜ਼ ਦੇ ਬਲੀਡਿੰਗ ਜ਼ਿਆਦਾ ਹੋ ਜਾਂਦੀ ਹੈ। ਜਿਸ ਕਾਰਨ ਕਈ ਵਾਰ ਮਰੀਜ਼ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 500 ਮਰੀਜ਼ ਹੀਮੋਫੀਲੀਆ ਦੀ ਬਿਮਾਰੀ ਦੇ ਸ਼ਿਕਾਰ ਹਨ ਅਤੇ ਮਰੀਜ਼ਾਂ ਦੇ ਇਲਾਜ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।