nabaz-e-punjab.com

ਲਾਪਰਵਾਹੀ ਦਾ ਦੋਸ਼: ਪੰਜਾਬ ਦੇ 500 ਪ੍ਰਾਈਵੇਟ ਸਕੂਲਾਂ ਦੀ ਹੋ ਸਕਦੀ ਐ ਮਾਨਤਾ ਰੱਦ

10 ਸਰਕਾਰੀ ਤੇ 5 ਏਡਿਡ ਸਕੂਲਾਂ ਦੇ ਮੁਖੀਆਂ ਵਿਰੁੱਧ ਵੀ ਹੋਵੇਗੀ ਸਖ਼ਤ ਕਾਰਵਾਈ

ਪ੍ਰਾਈਵੇਟ ਮਾਨਤਾ ਸਕੂਲਾਂ ਦੇ ਪ੍ਰਬੰਧਕਾਂ ਨੂੰ 28 ਦਸੰਬਰ ਤੱਕ ਦਿੱਤੀ ਆਖ਼ਰੀ ਮੋਹਲਤ, ਕਾਰਨ ਦੱਸੋ ਨੋਟਿਸ ਜਾਰੀ

ਸਬੰਧਤ ਸਕੂਲਾਂ ’ਤੇ ਪੰਜਾਬ ਸਰਕਾਰ ਦੇ ਪੋਰਟਲ ’ਤੇ ਯੂ-ਡਾਈਸ ਸਰਵੇ ਪ੍ਰੋਫਾਰਮਾ ਨਾ ਭਰਨ ਦਾ ਦੋਸ਼, 28 ਦਸੰਬਰ ਤੱਕ ਦਿੱਤੀ ਮੋਹਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐਮਐਚਆਰਡੀ) ਦੇ ਹੁਕਮਾਂ ’ਤੇ ਸਿੱਖਿਆ ਵਿਭਾਗ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਚਲਦੇ ਕਰੀਬ 500 ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਨ ਅਤੇ 10 ਸਰਕਾਰੀ ਅਤੇ 5 ਏਡਿਡ ਸਕੂਲਾਂ ਦੇ ਮੁਖੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮੁੱਢਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਅਤੇ ਮੁਹਾਲੀ ਤੇ ਜਲੰਧਰ ਦੇ ਸਕੂਲ ਸ਼ਾਮਲ ਹਨ। ਇਨ੍ਹਾਂ ਸਕੂਲਾਂ ’ਤੇ ਯੂ-ਡਾਈਸ ਸਰਵੇ ਸਬੰਧੀ ਲੋੜੀਂਦੀ ਸੂਚਨਾ ਰਾਜ ਸਰਕਾਰ ਦੇ ਪੋਰਟਲ ’ਤੇ ਦਰਜ ਨਾ ਕਰਵਾਉਣ ਦਾ ਦੋਸ਼ ਹੈ। ਵਿਭਾਗ ਦੀ ਇਸ ਕਾਰਵਾਈ ਨੇ ਸਕੂਲ ਮੁਖੀਆਂ ਦੀ ਨੀਂਦ ਉੱਡਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ (ਐਮਐਚਆਰਡੀ) ਵੱਲੋਂ ਸਿੱਖਿਆ ਵਿਭਾਗ ਨੂੰ ਜਾਰੀ ਹਦਾਇਤਾਂ ਮੁਤਾਬਕ ਸਾਲ 2017-18 ਲਈ ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ (ਯੂ-ਡਾਈਸ) ਸਰਵੇ ਕਰਵਾਇਆ ਗਿਆ ਹੈ। ਇਸ ਸਰਵੇ ਅਧੀਨ ਪੰਜਾਬ ਵਿੱਚ ਚਲ ਰਹੇ ਸਰਕਾਰੀ, ਏਡਿਡ, ਐਫੀਲੀਏਟਿਡ, ਐਸੋਸੀਏਟਿਡ ਸਕੂਲਾਂ ਨੇ ਯੂ-ਡਾਈਸ ਸਰਵੇ ਸਬੰਧੀ ਸੂਚਨਾ ਰਾਜ ਸਰਕਾਰ ਦੇ ਈ-ਪੰਜਾਬ ਪੋਰਟਲ www.epunjabschool.gov.in ’ਤੇ ਸਮਾਂ ਬੱਧ ਸੀਮਾ ਵਿੱਚ ਦਰਜ ਕਰਨੀ ਸੀ ਪਰ ਹੁਣ ਤੱਕ 510 ਸਕੂਲਾਂ ਨੇ ਯੂ-ਡਾਇਸ ਸਰਵੇ ਦੀ ਜਾਣਕਾਰੀ ਦਰਜ ਨਹੀਂ ਕੀਤੀ ਗਈ।
ਜਿਨ੍ਹਾਂ ਸਕੂਲਾਂ ਦੇ ਖ਼ਿਲਾਫ਼ ਸਿੱਖਿਆ ਵਿਭਾਗ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ। ਉਨ੍ਹਾਂ ਵਿੱਚ ਐਸ.ਏ.ਐਸ. ਨਗਰ (ਮੁਹਾਲੀ) ਦੇ 85, ਅੰਮ੍ਰਿਤਸਰ ਦੇ 236, ਜਲੰਧਰ ਦੇ 83, ਰੂਪਨਗਰ ਦੇ 21, ਫਾਜ਼ਿਲਕਾ ਦੇ 20, ਸੰਗਰੂਰ ਦੇ 13, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਦੇ 9-9, ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਦੇ 7-7, ਪਟਿਆਲਾ ਦੇ 3, ਕਪੂਰਥਲਾ ਤੇ ਤਰਨਤਾਰਨ ਦੇ 2-2, ਅਤੇ ਬਰਨਾਲਾ, ਮਾਨਸਾ, ਮੋਗਾ ਤੇ ਨਵਾਂ ਸ਼ਹਿਰ ਦੇ 1-1 ਸ਼ਾਮਲ ਹਨ। ਇਨ੍ਹਾਂ ਸਕੂਲਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ www.ssapunjab.org ’ਤੇ ਅਪਲੋਡ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ 495 ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਨ ਅਤੇ 10 ਸਰਕਾਰੀ ਅਤੇ 5 ਏਡਿਡ ਸਕੂਲਾਂ ਦੇ ਸਕੂਲ ਮੁਖੀਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਨਿਰਧਾਰਿਤ ਮਿਤੀ ਤੋਂ ਬਾਅਦ ਬਿਨਾਂ ਕੋਈ ਨੋਟਿਸ ਦਿੱਤਿਆਂ ਆਰੰਭ ਕਰ ਦਿੱਤੀ ਜਾਵੇਗੀ।
(ਬਾਕਸ ਆਈਟਮ)
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਯੂ-ਡਾਈਸ ਦੀ ਲੋੜੀਂਦੀ ਸੂਚਨਾ ਈ-ਪੰਜਾਬ ਪੋਰਟਲ ’ਤੇ ਦਰਜ ਨਾ ਕਰਨ ਵਾਲੇ ਸਕੂਲਾਂ ਨੂੰ ਕਾਰਨ ਦੱਸ ਨੋਟਿਸ ਜਾਰੀ ਕਰਕੇ 28 ਦਸੰਬਰ ਤੱਕ ਆਖਰੀ ਮੌਕਾ ਦੇ ਕੇ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਰਧਾਰਿਤ ਸਮੇਂ ਵਿੱਚ ਇਹ ਸੂਚਨਾ ਦਰਜ ਨਾ ਕਰਨ ਵਾਲੇ ਸਕੂਲਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕਰਦਿਆਂ ਸਬੰਧਤ ਸਕੂਲਾਂ ਵਿਰੁੱਧ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਨ੍ਹਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਨ ਲਈ ਲਿਖ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ 28 ਦਸੰਬਰ ਨੂੰ ਤੋਂ ਬਾਅਦ ਸਕੂਲਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…