Nabaz-e-punjab.com

ਪਿੰਡ ਬਾਕਰਪੁਰ ਵਿੱਚ ਕੈਂਸਰ ਜਾਂਚ ਕੈਂਪ ਵਿੱਚ 542 ਵਿਅਕਤੀਆਂ ਦੀ ਜਾਂਚ, ਮੁਫ਼ਤ ਦਵਾਈਆਂ ਦਿੱਤੀਆਂ

ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਕਲੱਸਟਰ ਬਣਾ ਕੇ ਲਗਾਏ ਜਾਣਗੇ ਕੈਂਸਰ ਜਾਂਚ ਕੈਂਪ: ਸਿੱਧੂ

ਕੈਂਸਰ ਤੋਂ ਬਚਨ ਲਈ ਲੋਕਾਂ ਨੂੰ ਸਾਦਾ ਜੀਵਨ ਜਿਊਣ ਦੀ ਲੋੜ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਬਾਕਰਪੁਰ ਦੀ ਨਵੀਂ ਚੁਣੀ ਗਈ ਪੰਚਾਇਤ ਦੇ ਸਹਿਯੋਗ ਨਾਲ ਟਰੱਸਟ ਦੇ ਮੁਖੀ ਤੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਿੰਡ ਬਾਕਰਪੁਰ ਵਿੱਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਜਦੋਂਕਿ ਪ੍ਰਧਾਨਗੀ ਸਰਪੰਚ ਜਗਤਾਰ ਸਿੰਘ ਅਤੇ ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਨੇ ਕੀਤੀ।
ਇਹ ਜਾਣਕਾਰੀ ਦਿੰਦਿਆਂ ਪੰਚ ਅਜੈਬ ਸਿੰਘ ਨੇ ਦੱਸਿਆ ਕਿ ਸ਼ਾਮ ਤੱਕ ਚੱਲੇ ਇਸ ਕੈਂਪ ਵਿੱਚ 542 ਵਿਅਕਤੀਆਂ ਦੀ ਕੈਂਸਰ ਸਬੰਧੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ਵਿੱਚ ਪੁਰਸ਼ਾਂ ਦੇ ਕੈਂਸਰ ਜਾਂਚ ਲਈ ਗਦੂਦਾਂ ਦੇ ਟੈਸਟ ਕੀਤੇ ਗਏ ਜਦੋਂਕਿ ਅੌਰਤਾਂ ਦੀ ਛਾਤੀ ਦੇ ਕੈਂਸਰ ਜਾਂਚ ਲਈ ਮੈਮੋਗਰਾਫ਼ੀ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਖੂਨ ਦੀ ਜਾਂਚ ਕੀਤੀ ਗਈ ਅਤੇ ਅੌਰਤਾਂ ਤੇ ਪੁਰਸ਼ਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਹਿਲਾਂ ਦੂਸ਼ਿਤ ਪਾਣੀ ਕਾਰਨ ਸਿਰਫ਼ ਮਾਲਵਾ ਬੈਲਟ ਵਿੱਚ ਕੈਂਸਰ ਤੋਂ ਪੀੜਤ ਮਰੀਜ਼ਾਂ ਬਾਰੇ ਸੁਣਿਆ ਜਾਂਦਾ ਸੀ ਲੇਕਿਨ ਹੁਣ ਕੈਂਸਰ ਨੇ ਸਮੁੱਚੇ ਪੰਜਾਬ ਨੂੰ ਲਪੇਟੇ ਵਿੱਚ ਲੈ ਲਿਆ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ’ਚੋਂ ਡੇਢ ਲੱਖ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਹਲਕੇ ਦੇ ਸਮੁੱਚੇ ਪਿੰਡਾਂ ਦੇ ਕਲੱਸਟਰ ਬਣਾ ਕੇ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਸਮੁੱਚੇ ਪੰਜਾਬ ਵਿੱਚ 550 ਮੁਫ਼ਤ ਮੈਡੀਕਲ ਅਤੇ ਕੈਂਸਰ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਘਰਾਂ ਦੇ ਨੇੜੇ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਸਲਾਂ ’ਤੇ ਕੀੜੇਮਾਰ ਦਵਾਈਆਂ ਦਾ ਲੋੜ ਤੋਂ ਵੱਧ ਛਿੜਕਾਅ ਅਤੇ ਸੀਵਰੇਜ ਦੇ ਪਾਣੀ ਨਾਲ ਫਸਲਾਂ ਦੀ ਸਿੰਚਾਈ ਅਤੇ ਧਰਤੀ ਹੇਠਲਾਂ ਪਾਣੀ ਗੰਧਲਾ ਹੋਣ ਕਾਰਨ ਕੈਂਸਰ ਫੈਲ ਰਿਹਾ ਹੈ।
ਇਸ ਤੋਂ ਪਹਿਲਾਂ ਟਰੱਸਟ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਸੰਪੇਖ ਜਿਹੇ ਭਾਸ਼ਣ ਵਿੱਚ ਕਿਹਾ ਕਿ ਕੈਂਸਰ ਤੋਂ ਬਚਨ ਲਈ ਰਾਜ ਦੇ ਲੋਕਾਂ ਨੂੰ ਸਾਦਾ ਜੀਵਨ ਜਿਊਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 12 ਹਜ਼ਾਰ 783 ਪਿੰਡਾਂ ’ਚੋਂ 9 ਹਜ਼ਾਰ ਪਿੰਡਾਂ ਵਿੱਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯਤਨ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਪਹਿਲੀ ਸਟੇਜ ’ਤੇ ਕੈਂਸਰ ਬਾਰੇ ਪਤਾ ਲੱਗ ਜਾਂਦਾ ਹੈ ਪ੍ਰੰਤੂ ਇੱਥੇ ਜਦੋਂ ਮਰੀਜ਼ ਤੀਜੇ ਸਟੇਜ ’ਤੇ ਪਹੁੰਚ ਜਾਂਦਾ ਹੈ ਤਾਂ ਉਹ ਡਾਕਟਰ ਕੋਲ ਆਪਣੇ ਇਲਾਜ ਲਈ ਜਾਂਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਸਮਾਜ ਸੇਵੀ ਅਮਰ ਸਿੰਘ, ਨੰਬਰਦਾਰ ਪਵਿੱਛਰ ਸਿੰਘ ਤੇ ਗੁਰਨਾਮ ਸਿੰਘ, ਪੰਚ ਜਸਵਿੰਦਰ ਸਿੰਘ, ਪਿਆਰਾ ਸਿੰਘ, ਬਲਵਿੰਦਰ ਕੌਰ ਤੇ ਜਰਨੈਲ ਕੌਰ ਸਮੇਤ ਰਮਨਦੀਪ ਸਿੰਘ ਸਰਪੰਚ ਸਫੀਪੁਰ, ਗੁਰਵਿੰਦਰ ਸਿੰਘ ਸਰਪੰਚ ਨੰਡਿਆਲੀ, ਹਰਜੀਤ ਸਿੰਘ ਢਿੱਲੋਂ ਸਰਪੰਚ ਰੁੜਕਾ, ਨੰਬਰਦਾਰ ਹਰਕੰਵਲਜੀਤ ਸਿੰਘ, ਛੱਜਾ ਸਿੰਘ ਸਰਪੰਚ ਕੁਰੜੀ, ਮਨਫੂਲ ਸਿੰਘ ਸਰਪੰਚ ਬੜੀ, ਮੰਗਲ ਸਿੰਘ ਸਰਪੰਚ ਸਿਆਊ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …