ਐਨਐਚਐਮ ਫੰਡ ਦੀ ਦੁਰਵਰਤੋਂ ਕਾਰਨ 546 ਕਰੋੜ ਦੀ ਗਰਾਂਟ ਰੁਕੀ, ਆਪ ਸਰਕਾਰ ਜ਼ਿੰਮੇਵਾਰ: ਸਿੱਧੂ

ਲੋਕਾਂ ਦੇ ਇਲਾਜ ਦੇ ਪੈਸੇ ਨੂੰ ਇਸ਼ਤਿਹਾਰਾਂ ਅਤੇ ਮੁਹੱਲਾ ਕਲੀਨਿਕਾਂ ਦੇ ਪ੍ਰਚਾਰ ’ਚ ਉਡਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਦਿੱਤੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਫੰਡ ਦੇ 468 ਕਰੋੜ ਰੁਪਏ ਦੀ ਸਹੀ ਵਰਤੋਂ ਨਾ ਕਰਨ ਕਰਕੇ 546 ਕਰੋੜ ਰੁਪਏ ਦੀ ਗਰਾਂਟ ਰੋਕ ਦਿੱਤੀ ਹੈ। ਸਿੱਧੂ ਨੇ ਕਿਹਾ ਇਹ ਫੰਡ ਲੋਕਾਂ ਦੇ ਸਿਹਤ ਸੇਵਾਵਾਂ ਨਾਲ ਜੁੜਿਆ ਇਕ ਮਹੱਤਵਪੂਰਨ ਫੰਡ ਹੈ ਜੋ ਆਪ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੇ ਪ੍ਰਚਾਰ ਅਤੇ ਪੁਰਾਣੇ ਸਿਹਤ ਸੇਵਾਵਾਂ ਨੂੰ ਓਵਰਟੇਕ ਕਰਨ ਵਿੱਚ ਉਡਾ ਦਿੱਤੇ ਹਨ।
ਸਿੱਧੂ ਨੇ ਕਿਹਾ ਸ਼ਹੀਦਾਂ ਦੇ ਨਾਮ ਤੇ ਵੋਟ ਲੈਣ ਵਾਲੀ ਇਹ ਸਰਕਾਰ ਲੋਕਾਂ ਨੂੰ ਹੀ ਗੁਮਰਾਹ ਕਰਨ ਵਿਚ ਲੱਗੀ ਹੋਈ ਹੈ। ਸਿਰਫ਼ ਕਲੀਨਿਕਾਂ ਦੇ ਨੰਬਰਾਂ ਨੂੰ ਵਧਾਉਣ ਖਾਤਿਰ ਆਮ ਆਦਮੀ ਪਾਰਟੀ ਨੇ ਕੇਂਦਰ ਤੋਂ ਆਉਂਦੀ 60 ਫੀਸਦੀ ਫੰਡ ਦੀ ਰਕਮ ਤੋਂ ਹੱਥ ਧੋ ਲਿਆ ਹੈ ਹੁਣ ਸਿਰਫ 40 ਫੀਸਦੀ ਫੰਡ ਨਾਲ ਪੰਜਾਬ ਸਰਕਾਰ ਕਿਵੇਂ ਸੂਬੇ ਦੇ 3000 ਸਿਹਤ, ਤੰਦਰੁਸਤੀ ਕੇਂਦਰਾਂ ਅਤੇ 400 ਪ੍ਰਾਇਮਰੀ ਹੈਲਥ ਸੈਂਟਰ ਦੀ ਜ਼ਰੂਰਤਾਂ ਨੂੰ ਪੂਰੀ ਕਰੇਗੀ। ਉਨ੍ਹਾਂ ਕਿਹਾ 83 ਕਰੋੜ ਰੁਪਏ ਸਿਰਫ਼ ਆਮ ਆਦਮੀ ਕਲੀਨਿਕਾਂ ਨੂੰ ਪੁਰਾਣੇ ਸਿਹਤ ਸੇਵਾਵਾਂ ’ਤੇ ਜ਼ਬਰਦਸਤੀ ਥੋਪਣ ਲਈ ਲਾ ਦਿੱਤਾ ਗਿਆ। ਜਿਸਦਾ ਸਿਰਫ਼ ਮੰਤਵ ਪਾਰਟੀ ਦਾ ਪ੍ਰਚਾਰ ਸੀ, ਪਰ ਅਸਲੀਅਤ ਵਿੱਚ ਆਪਣੀ 11 ਮਹੀਨਿਆਂ ਦੀ ਨਾਕਾਮੀ ਛੁਪਾਉਣ ਲਈ ਲੋਕਾਂ ਦੇ ਪੈਸਿਆਂ ਦੀ ਇਸ ਤਰ੍ਹਾਂ ਨਾਲ ਬਰਬਾਦੀ ਕੀਤੀ ਜਾ ਰਹੀ ਹੈ।
ਸਿੱਧੂ ਨੇ ਕਿਹਾ ਕਿ ਸਾਲ 2022-23 ਦੌਰਾਨ ਐਨਐਚਐਮ ਦੇ ਤਹਿਤ, ਕੇਂਦਰ ਸਰਕਾਰ ਨੇ 11,147 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਕੀਮ ਤਹਿਤ 60 ਫੀਸਦੀ ਰਾਸ਼ੀ ਕੇਂਦਰ ਅਤੇ 40 ਫੀਸਦੀ ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਜਾਰੀ ਪੱਤਰ ਦੇ ਅਨੁਸਾਰ ਇਹ ਰਕਮ ਦੀ ਦੁਰਵਰਤੋਂ ਕਰਨ ਕਾਰਨ ਫੰਡ ਦੀ ਗਰਾਂਟ ਰੋਕੀ ਜਾਵੇਗੀ। ਉਨ੍ਹਾਂ ਕਿਹਾ ਅਜੇ ਤਕ ਸੱਤਾਧਾਰੀ ਸਰਕਾਰ ਵਲੋਂ ਇਸ ਮਾਮਲੇ ਉੱਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸ ਆਧਾਰ ਉੱਤੇ ਮੁੱਖ ਮੰਤਰੀ ਸਰਕਾਰ ਵਿੱਚ ਪਾਰਦਰਸ਼ਤਾ ਦੇ ਵੱਡੇ ਦਾਅਵੇ ਕਰ ਰਹੇ ਹਨ, ਜਦੋਂਕਿ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਸਿੱਧੂ ਨੇ ਕਿਹਾ ਕਿਸੇ ਵੀ ਆਮ ਆਦਮੀ ਕਲੀਨਿਕ ਵਿੱਚ ਕੋਈ ਚੰਗੀ ਸਿਹਤ ਸੇਵਾ ਮੌਜੂਦ ਨਹੀਂ ਹੈ ਅਤੇ ਨਰਸਾਂ ਅਤੇ ਆਯੁਰਵੈਦਿਕ ਡਾਕਟਰਾਂ ਦੇ ਸਿਰ ਉੱਤੇ ਇਨ੍ਹਾਂ ਕਲੀਨਿਕਾਂ ਨੂੰ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਆਪ ਇਸ ਮਸਲੇ ਉੱਤੇ ਗੰਭੀਰ ਨਜ਼ਰ ਨਹੀਂ ਆ ਰਹੇ ਹਨ ਅਤੇ ਇਸ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਹਨ। ਲੋਕਾਂ ਦਾ ਇਸ ਮਾਮਲੇ ਵਿੱਚ ਵਿਰੋਧ ਵਧਦਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਅਗਲੇ ਮਹੀਨੇ ਆਪ ਸਰਕਾਰ ਪੰਜਾਬ ਵਿੱਚ ਆਪਣੇ 1 ਸਾਲ ਪੂਰੇ ਕਰਨ ਜਾ ਰਹੀ ਹੈ, ਇਹ 1 ਸਾਲ ਪੰਜਾਬ ਦੇ ਕਾਲੇ ਦੌਰ ਵਿੱਚ ਸ਼ੁਮਾਰ ਹੋਵੇਗਾ। ਪਿਛਲੇ ਇਕ ਸਾਲ ਵਿੱਚ ਪੰਜਾਬ ਨੇ ਸਭ ਤੋਂ ਮਾੜੇ ਕਾਨੂੰਨ ਵਿਵਸਥਾ ਦੇ ਦੌਰ ਨੂੰ ਕਰੀਬ ਨਾਲ ਦੇਖਿਆ, ਕਰਜ਼ੇ ਵਿੱਚ ਡੁੱਬੇ ਮਹਿਕਮੇ ਦੇਖੇ, ਰਿਕਾਰਡ ਵਿਰੋਧ ਅਤੇ ਪ੍ਰਦਰਸ਼ਨ ਦਾ ਸਾਹਮਣਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…