nabaz-e-punjab.com

ਪੰਜਾਬ ਦੇ 550 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋ ਸੱਖਣੇ

ਸਿੱਖਿਆ ਭਵਨ ਵਿੱਚ ਡਾਇਰੈਕਟਰ, ਡਿਪਟੀ ਡਾਇਰੈਕਟਰ, ਸੰਯੁਕਤ ਡਾਇਰੈਕਟਰ ਤੇ ਕਈ ਡੀਈਓ ਦੀ ਅਸਾਮੀਆਂ ਖਾਲੀ

ਖਾਲੀ ਅਸਾਮੀਆਂ ਭਰਨ ਦੀ ਥਾਂ ਵਾਧੂ ਚਾਰਜ ਦੇ ਕੇ ਡੰਗ ਸਾਰ ਰਿਹੈ ਸਿੱਖਿਆ ਵਿਭਾਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਆਮ ਆਦਮੀ ਪਾਰਟੀ (ਆਪ) ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਦੀ ਗਰੰਟੀ ਦਿੱਤੀ ਗਈ ਸੀ ਪ੍ਰੰਤੂ ਸੱਤਾ ਹਾਸਲ ਕਰਨ ਤੋਂ ਬਾਅਦ ਰਾਜ ਸਰਕਾਰ ਨੇ ਸਕੂਲੀ ਸਿੱਖਿਆ ਦੇ ਸੁਧਾਰ ਵੱਲ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਜ਼ਿਆਦਾਤਰ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ। ਇੰਜ ਅਧਿਆਪਕਾਂ ਦੀ ਘਾਟ ਕਾਰਨ ਮਿਥੇ ਟੀਚੇ ਪ੍ਰਾਪਤ ਕਰਨੇ ਅਸੰਭਵ ਹਨ। ਹਾਲਾਂਕਿ ਪਹਿਲੇ ਅਤੇ ਮੌਜੂਦਾ ਸਿੱਖਿਆ ਮੰਤਰੀ ਸਕੂਲਾਂ ਵਿੱਚ ਗੇੜੇ ਮਾਰ ਕੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਦਾਅਵੇ ਤਾਂ ਕਰ ਰਹੇ ਹਨ ਪ੍ਰੰਤੂ ਸਚਾਈ ਕੋਹਾਂ ਦੂਰ ਹੈ।
ਅੱਜ ਇੱਥੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਵਾਲੀਆ, ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਿੱਖਿਆ ਭਵਨ ਵਿਖੇ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰਾਂ, ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ।
ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ 9 ਸਕੂਲ, ਹੁਸ਼ਿਆਰਪੁਰ ਦੇ 35, ਜਲੰਧਰ ਦੇ 34, ਕਪੂਰਥਲਾ ਦੇ 28, ਗੁਰਦਾਸਪੁਰ ਦੇ 33, ਫਿਰੋਜ਼ਪੁਰ ਦੇ 25, ਲੁਧਿਆਣਾ ਦੇ 30 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ। ਇੰਜ ਹੀ ਗੁਰਪ੍ਰੀਤ ਸਿੰਘ ਬਠਿੰਡਾ ਅਤੇ ਮਲਕੀਤ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਬਠਿੰਡਾ ਦੇ 45, ਫਰੀਦਕੋਟ ਦੇ 15, ਫ਼ਤਹਿਗੜ੍ਹ ਦੇ 6, ਫਾਜ਼ਿਲਕਾ ਦੇ 13, ਬਰਨਾਲਾ ਦੇ 23, ਮਾਨਸਾ ਦੇ 31, ਮਲੇਰਕੋਟਲਾ ਦੇ 7, ਮੋਗਾ ਦੇ 44, ਮੁਕਤਸਰ ਦੇ 13, ਪਨਾਨਕੋਟ ਦੇ 8, ਪਟਿਆਲਾ ਦੇ 13, ਤਰਨਤਾਰਨ ਦੇ 35, ਸੰਗਰੂਰ ਦੇ 30 ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ।
ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਅਵਤਾਰ ਸਿੰਘ ਰੂਪਨਗਰ ਨੇ ਕਿਹਾ ਕਿ ਨਵਾਂ ਸ਼ਹਿਰ ਦੇ 29, ਰੂਪਨਗਰ ਦੇ ਇਕ ਸਕੂਲ ਵਿੱਚ ਪ੍ਰਿੰਸੀਪਲ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਮੁੱਖ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ’ਤੇ ਪਦਉਨਤੀਆਂ ਕਰਕੇ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਟੀਚੇ ਪੂਰੇ ਕੀਤੇ ਜਾ ਸਕਣ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡੀਪੀਆਈ (ਸੈਕੰਡਰੀ) ਕੁਲਜੀਤ ਪਾਲ ਸਿੰਘ ਮਾਹੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਕੁੱਝ ਅਦਾਲਤੀ ਇੱਛੂ ਹੋਣ ਕਾਰਨ ਵੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ 229 ਪ੍ਰਿੰਸੀਪਲਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ ਅਤੇ ਲੈਕਚਰਾਰਾਂ ਨੂੰ ਤਰੱਕੀਆਂ ਦੇਣ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਅਤੇ ਤਰੱਕੀਆਂ ਦਾ ਕੰਮ ਜਲਦੀ ਨੇਪਰੇ ਚਾੜ ਕੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…