
ਵੂਮੈਨ ਪੁਲੀਸ ਸਟੇਸ਼ਨ ਰਾਹੀਂ ਹੁਣ ਤੱਕ 561 ਕੇਸਾਂ ਦਾ ਕੀਤਾ ਨਿਪਟਾਰਾ
ਘਰੇਲੂ ਝਗੜਿਆਂ ਨੂੰ ਨਿਪਟਾਉਣ ਲਈ ਲਾਹੇਵੰਦ ਹੋ ਰਹੇ ਹਨ ਵੂਮੈਨ ਪੁਲੀਸ ਸਟੇਸ਼ਨ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਘਰੈਲੂ ਝਗੜਿਆਂ ਨੂੰ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਵੁੂਮੈਨ ਪੁਲਿਸ ਸਟੇਸ਼ਨ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ। ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਵੂਮੈਨ ਪੁਲੀਸ ਸਟੇਸ਼ਨ ਰਾਂਹੀ ਇਸ ਸਾਲ ਹੁਣ ਤੱਕ 561 ਵੱਖ ਵੱਖ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੂਮੈਨ ਪੁਲਿਸ ਸਟੇਸਨ ਦੀ ਸਬ-ਇੰਸਪੈਕਟਰ (ਕੌਂਸਲਰ) ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਐਸ.ਪੀ.(ਹੈਡ) ਗੁਰਸੇਵਕ ਸਿੰਘ ਦੀ ਦੇਖ ਰੇਖ ਹੇਠ ਵੂਮੈਨ ਪੁਲਿਸ ਸਟੇਸ਼ਨ ਜਿਹੜਾ ਕਿ ਹੁਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜਿਲ ਤੇ ਸਥਿਤ ਵਿਖੇ ਜ਼ਿਲ੍ਹੇ ’ਚ ਪੈਂਦੀਆਂ ਸਬ-ਡਵੀਜਨਾਂ ਮੁਹਾਲੀ, ਖਰੜ ਅਤੇ ਡੇਰਾਬਸੀ ਨਾਲ ਸਬੰਧਤ ਮਹਿਲਾ ਘਰੈਲੂ ਝਗੜਿਆਂ ਦਾ ਫੈਸਲਾ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਜਿਹੇ ਵੂਮੈਨ ਪੁਲਿਸ ਸਟੇਸ਼ਨ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ਵਿਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ।
ਸਬ-ਇੰਸਪੈਕਟਰ ਨੇ ਦੱਸਿਆ ਕਿ ਇਸ ਸਾਲ ਵੂਮੈਨ ਪੁਲਿਸ ਸਟੇਸ਼ਨ ਵਿੱਚ ਹੁਣ ਤੱਕ ਕੁੱਲ 696 ਦਰਖਾਸਤਾਂ ਆਈਆਂ ਜਿੰਨ੍ਹਾਂ ਵਿੱਚੋ 561 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਵਿੱਚ 88 ਤਲਾਕ ਦੇ ਫੈਸਲੇ ਕਰਵਾਏ ਗਏ ਅਤੇ 138 ਕੇਸਾਂ ਵਿਚ ਇੱਕਠੇ ਰਹਿਣ ਦੇ ਫੈਸਲੇ ਕਰਵਾਏ ਗਏ ਅਤੇ 24 ਕੇਸਾਂ ਵਿੱਚ ਮੁਕੱਦਮੇ ਦਰਜ ਕਰਨ ਸਬੰਧੀ ਸਿਫਾਰਸ ਕੀਤੀ ਗਈ। ਇਸ ਤੋਂ ਇਲਾਵਾ 311 ਮਾਮਲੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਦਾਖਲ ਦਫਤਰ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਪਿਛਲੇ ਸਾਲ ਵੱਖ ਵੱਖ ਤਰ੍ਹਾਂ ਦੇ 789 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੂਮੈਨ ਪੁਲਿਸ ਸਟੇਸ਼ਨਾਂ ਰਾਂਹੀ ਮਹਿਲਾਵਾਂ ਨਾਲ ਸਬੰਧਿਤ ਵੱਖ ਵੱਖ ਪਰਿਵਾਰਿਕ ਝਗੜਿਆਂ ਨੂੰ ਪਾਰਦਰਸ਼ਤਾ ਢੰਗ ਨਾਲ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਵੂਮੈਨ ਸੈਲ ਰਾਂਹੀ ਕਾਊਂਸਲਿੰਗ ਕੀਤੀ ਜਾਂਦੀ ਹੈ ਜਿਸ ਨਾਲ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖਤਮ ਹੁੰਦਾ ਹੈ ਅਤੇ ਮੁੜ ਤੋਂ ਪਰਿਵਾਰਿਕ ਨਵੀਂ ਜਿੰਦਗੀ ਸ਼ੁਰੂ ਹੁੰਦੀ ਹੈ ਅਤੇ ਇੰਨ੍ਹਾਂ ਫੈਸਲਿਆਂ ਨਾਲ ਜਿੱਥੇ ਪਰਿਵਾਰਾਂ ਦੇ ਧਨ ਦੀ ਬੱਚਤ ਹੁੰਦੀ ਹੈ ਉੱਥੇ ਉਨ੍ਹਾਂ ਦੀ ਆਪਸੀ ਖੱਜਲ ਖੁਆਰੀ ਵੀ ਘੱਟਦੀ ਹੈ। ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਰਾਂਹੀ ਜਿਹੜੇ ਪਰਿਵਾਰਕ ਝਗੜੇ ਸਾਲਾਂ ਬੱਧੀ ਜਾਂ ਮਹਿਨਿਆਂ ਵਿੱਚ ਹੱਲ ਨਹੀ ਹੋ ਸਕੇ ਉਹ ਝਗੜੇ ਵੂਮੈਨ ਪੁਲਿਸ ਸਟੇਸ਼ਨ ਵਿੱਚ ਦੋਵੇਂ ਧਿਰਾਂ ਦੀ ਕਾਊਂਸਲਿੰਗ ਕਰਕੇ ਹਫਤੇ ਦੇ ਅੰਦਰ ਅੰਦਰ ਨਬੇੜੇ ਗਏ ਹਨ। ਵੂਮੈਨ ਪੁਲਿਸ ਸਟੇਸ਼ਨ ਵਿੱਚ 6 ਏ.ਐਸ.ਆਈ. ਅਤੇ ਇੱਕ ਹੈਡ ਕਾਂਸਟੇਬਲ ਅੌਰਤਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ।
ਵੂਮੈਨ ਪੁਲਿਸ ਸਟੇਸ਼ਨ ਦੀ ਮੁੱਖ ਥਾਣਾ ਅਫਸਰ(ਇੰਨਵੈਸਟੀਗੇਸ਼ਨ)ਸ੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਮਹਿਲਾਵਾਂ ਸਬੰਧੀ ਝਗੜੇ ਜਿਹੜੇ ਕਾਊਂਸਲਿੰਗ ਰਾਂਹੀ ਹੱਲ ਨਹੀਂ ਹੁੰਦੇ ਅਤੇ ਜਿੰਨ੍ਹਾਂ ਸਬੰਧੀ ਪਰਚੇ ਦਰਜੇ ਕਰਨ ਦੀ ਸਿਫਾਰਸ ਕੀਤੀ ਜਾਂਦੀ ਹੈ ਉਨ੍ਹਾਂ ਵਿਰੁੱਧ ਹੀ ਮਾਮਲੇ ਦਰਜ ਕੀਤੇ ਜਾਂਦੇ ਹਨ ਅਤੇ ਹੁਣ ਤੱਕ ਇਸ ਸਾਲ ਅੰਦਰ 13 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਪਿਛਲੇ ਤਕਰੀਬਨ 70 ਮਾਮਲੇ ਦਰਜ ਕੀਤੇ ਗਏ।