ਨਸ਼ਾ ਤਸਕਰੀ ਮਾਮਲੇ ਵਿੱਚ ਨਾਇਜੀਰੀਅਨ ਸਣੇ 6 ਮੁਲਜ਼ਮ ਗ੍ਰਿਫ਼ਤਾਰ

ਨਾਇਜੀਰੀਅਨ ਨੂੰ ਫੜਨ ਲਈ ਦਿੱਲੀ ਗਈ ਪੁਲੀਸ ਟੀਮ ’ਤੇ ਮੁਲਜ਼ਮ ਨੇ ਪੱਥਰ ਸੁੱਟੇ, ਧੱਕਾ ਮੁੱਕੀ ਵੀ ਕੀਤੀ

ਮੁਲਜ਼ਮ ਕੋਲੋਂ ਸਾਢੇ ਤਿੰਨ ਕਿੱਲੋ ਹੈਰੋਇਨ ਅਤੇ ਇਕ ਲੱਖ ਰੁਪਏ ਡਰੱਗ ਮਨੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਦੇ ਤਹਿਤ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਨਸ਼ਾ ਤਸਕਰਾਂ ਦੇ ਇਕ ਗਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 18 ਕਰੋੜ ਰੁਪਏ ਦੀ ਕੀਮਤ ਦੀ ਸਾਢੇ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਸੋਮਵਾਰ ਨੂੰ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਮੁਹਾਲੀ ਦੇ ਐਸਪੀ (ਡੀ) ਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਸਾਈਬਰ) ਰੁਪਿੰਦਰਦੀਪ ਕੌਰ ਸੋਹੀ ਨੇ ਕੀਤਾ। ਇਸ ਮੌਕੇ ਖਰੜ ਦੇ ਡੀਐਸਪੀ ਪਾਲ ਸਿੰਘ ਤੇ ਸੀਆਈਏ ਦੇ ਇੰਚਾਰਜ ਰਾਜੇਸ਼ ਕੁਮਾਰ ਵੀ ਹਾਜ਼ਰ ਸਨ। ਉਧਰ, ਜਦੋਂਕਿ ਪੁਲੀਸ ਟੀਮ ਨਾਇਜੀਰੀਅਨ ਨੂੰ ਫੜਨ ਲਈ ਦਿੱਲੀ ਪੁੱਜੀ ਤਾਂ ਮੁਲਜ਼ਮ ਨੇ ਪੁਲੀਸ ਕਰਮਚਾਰੀਆਂ ਵੱਲ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਸਰੀਰਕ ਪੱਖੋਂ ਤਕੜਾ ਹੋਣ ਕਾਰਨ ਪੁਲੀਸ ਟੀਮ ਨਾਲ ਹੱਥੋਪਾਈ ਕੀਤੀ ਲੇਕਿਨ ਪੁਲੀਸ ਕਰਮਚਾਰੀਆਂ ਨੇ ਇਸ ਦੇ ਬਾਵਜੂਦ ਉਸ ਨੂੰ ਕਾਬੂ ਕਰ ਲਿਆ।
ਐਸਪੀ ਹਾਂਸ ਨੇ ਦੱਸਿਆ ਕਿ ਗਰੋਹ ਦੇ ਪੰਜ ਮੈਂਬਰਾਂ ਅੰਜੁਲ ਸੋਢੀ ਵਾਸੀ ਸੁਭਾਸ਼ ਬਸਤੀ, ਸਿਰਸਾ (ਹਰਿਆਣਾ), ਪਰਿਵਾਰ ਸਿੰਘ ਵਾਸੀ ਪਿੰਡ ਬੱਲੋਮਾਜਰਾ (ਮੁਹਾਲੀ), ਰਵੀ ਵਰਮਾ ਵਾਸੀ ਸੈਕਟਰ-125 ਸੰਨ ਇਨਕਲੇਵ, ਨੀਲੂ ਵਾਸੀ ਸਿਰਸਾ ਅਤੇ ਦਲਵਿੰਦਰ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਖਹਿਰਾ ਕਲਾਂ (ਮਾਨਸਾ) ਬਾਰੇ ਗੁਪਤ ਸੂਚਨਾ ਮਿਲਣ ’ਤੇ ਆਧਾਰ ’ਤੇ ਛੱਜੂਮਾਜਰਾ ਸੜਕ ’ਤੇ ਨਾਕਾਬੰਦੀ ਦੌਰਾਨ 1 ਕਿੱਲੋ 300 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਜਦੋਂਕਿ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਿਕਾਸ਼ਪੁਰੀ ਦਿੱਲੀ ਤੋਂ ਇਕ ਨਾਇਜੀਰੀਅਨ ਡੈਵਿਡ ਨੂੰ ਦੋ ਕਿੱਲੋ 200 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦਲਵਿੰਦਰ ਬਿੱਟੂ ਮੌਜੂਦਾ ਸਮੇਂ ਵਿੱਚ ਭਾਰਤ ਨਗਰ ਕੰਗਣਪੁਰ ਰੋਡ ਸਿਰਸਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 1 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸਰਗਰਮ ਸਨ ਅਤੇ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਇਨ੍ਹਾਂ ’ਚੋਂ ਇਕ ਮੁਲਜ਼ਮ ਦਲਵਿੰਦਰ ਸਿੰਘ 4 ਸਾਲਾਂ ਤੋਂ ਹੈਰੋਇਨ ਦੀ ਸਪਲਾਈ ਕਰ ਰਿਹਾ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਸਰਦੂਲਗੜ੍ਹ ਅਤੇ ਥਾਣਾ ਸਿਟੀ ਸਿਰਸਾ ਵਿੱਚ ਐਨਡੀਪੀਐਸ ਐਕਟ ਦੇ ਦੋ ਕੇਸ ਦਰਜ ਹਨ ਅਤੇ ਇਕ ਧੋਖਾਧੜੀ ਦਾ ਕੇਸ ਦਰਜ ਹੈ। ਉਹ ਅੰਜੁਲ ਸੋਢੀ ਅਤੇ ਨੀਲੂ ਨਾਲ ਮਿਲ ਕੇ ਦਿੱਲੀ ਤੋਂ ਨਾਇਜੀਰੀਅਨ ਕੋਲੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਕਾਫ਼ੀ ਵੱਧ ਕੀਮਤ ’ਤੇ ਵੇਚਦਾ ਸੀ। ਰਵੀ ਵਰਮਾ ਅਤੇ ਪਰਿਵਾਰ ਸਿੰਘ ਮੁਹਾਲੀ ਅਤੇ ਚੰਡੀਗੜ੍ਹ ਇਲਾਕਿਆਂ ਵਿੱਚ ਨਸ਼ੇ ਸਪਲਾਈ ਕਰਦੇ ਸਨ। ਐਸਪੀ ਨੇ ਦੱਸਿਆ ਕਿ ਪੰਜ ਮੁਲਜ਼ਮ ਪਹਿਲਾਂ ਹੀ ਛੇ ਦਿਨ ਦੇ ਪੁਲੀਸ ਰਿਮਾਂਡ ’ਛੇ ਚੱਲ ਰਹੇ ਹਨ ਜਦੋਂਕਿ ਨਾਇਜੀਰੀਅਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…