
ਡਾਕਾ ਮਾਰਨ ਦੀ ਤਿਆਰੀ ਕਰਦੇ 6 ਮੁਲਜ਼ਮ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਪੈਟਰੋਲ ਪੰਪ, ਸ਼ਰਾਬ ਦਾ ਠੇਕਾ ਅਤੇ ਘਰਾਂ ’ਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਮੁਹਾਲੀ ਦੇ ਅੇੱਸਐੱਸਪੀ ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡਾਕਾ ਮਾਰਨ ਦੀ ਤਿਆਰੀ ਕਰ ਰਹੇ 6 ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਏਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕੀਤਾ। ਉਨ੍ਹਾਂ ਦੱਸਿਆ ਕਿ ਲਾਲੜੂ ਥਾਣਾ ਦੇ ਐਸਐਚਓ ਅਜੀਤੇਸ਼ ਕੌਸ਼ਲ ਦੀ ਅਗਵਾਈ ਹੇਠ ਪੁਲੀਸ ਗਸ਼ਤ ਕਰ ਰਹੀ ਸੀ ਕਿ ਇਸ ਦੌਰਾਨ ਪੁਲੀਸ ਨੂੰ ਇਤਲਾਹ ਦਿੱਤੀ ਗਈ ਕਿ ਬਲੋਪੁਰ ਰੋਡ ਰਾਣਾ ਪੈਟਰੋਲ ਪੰਪ ਕੋਲ ਬੇਆਬਾਦ ਕੁਆਟਰਾਂ ਵਿੱਚ ਅਸਲੇ ਨਾਲ ਲੈਸ 5 ਵਿਅਕਤੀ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ।
ਏਐਸਪੀ ਡਾ. ਆਹਲੂਵਾਲੀਆ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਨੇ ਛਾਪੇਮਾਰੀ ਕਰਕੇ ਮਲਕੀਤ ਸਿੰਘ ਵਾਸੀ ਤਿਲਕ ਵਿਹਾਰ, ਨਵੀਂ ਦਿੱਲੀ, ਅਸ਼ੀਸ਼ ਕੁਮਾਰ ਵਾਸੀ ਪਿੰਡ ਇਕਰੀ ਮੁਹੱਲਾ ਪੱਟੀ ਮੈਨਮਾਲਾ, ਯੂਪੀ, ਭਾਨੂੰ ਜਥੇਰੀਆ ਵਾਸੀ ਵਿਕਾਸਪੁਰੀ, ਨਵੀਂ ਦਿੱਲੀ, ਲਕਸ਼ੇ ਰੰਗਾ ਵਾਸੀ ਕੇਸਵਾਪੁਰ, ਨਵੀਂ ਦਿੱਲੀ, ਅੰਕਿਤ ਵਾਸੀ ਪਿੰਡ ਕਮਲਾਖੋਰ, ਯੂਪੀ ਹਾਲ ਵਾਸੀ ਨਵੀਂ ਦਿੱਲੀ ਨੂੰ ਕਾਬੂ ਕੀਤਾ ਗਿਆ। ਏਐਸਪੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਮੁਲਜ਼ਮ ਮਲਕੀਤ ਸਿੰਘ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਤੇ 13 ਕਾਰਤੂਸ, ਅੰਕਿਤ ਕੋਲੋਂ .32 ਬੋਰ ਦਾ ਪਿਸਤੌਲ ਤ ਦੋ ਕਾਰਤੂਸ, ਲਕਸ਼ੇ ਰੰਗਾ ਕੋਲੋਂ ਟੋਜਰ (ਕਰੰਟ ਲਗਾਉਣ ਵਾਲੀ ਮਸ਼ੀਨ), ਅਸ਼ੀਸ਼ ਕੁਮਾਰ ਕੋਲੋਂ ਕਿਰਪਾਨ ਅਤੇ ਭਾਨੂੰ ਕੋਲੋਂ ਗੰਡਾਸਾ ਬਰਾਮਦ ਕੀਤਾ ਗਿਆ। ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਬੀਤੀ 14 ਮਈ ਨੂੰ ਲਾਲੜੂ ਥਾਣੇ ਵਿੱਚ ਧਾਰਾ 399 ਤੇ 402 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਖ਼ਿਲਾਫ਼ ਅਸਲਾ ਐਕਟ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਏਐਸਪੀ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਮਲਕੀਤ ਸਿੰਘ ਨੇ 2 ਦੇਸੀ ਪਿਸਤੌਲ ਅਤੇ 5 ਕਾਰਤੂਸ, ਨਵਜੋਤ ਸਿੰਘ ਵਾਸੀ ਤਿਲਕ ਵਿਹਾਰ, ਨਵੀਂ ਦਿੱਲੀ ਕੋਲੋਂ ਲਏ ਸਨ। ਨਵਜੋਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦਾ 12 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮ ਨੇ ਦੇਸੀ ਪਿਸਤੌਲ ਰਾਜਸਥਾਨ ਤੋਂ ਲਿਆਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛੱਗਿੱਛ ਵਿੱਚ ਦੱਸਿਆ ਕਿ ਡਾਕਾ ਮਾਰਨ ਲਈ ਮੁਲਜ਼ਮ ਅੰਕਿਤ ਵੱਲੋਂ 15-20 ਦਿਨ ਪਹਿਲਾਂ ਇਲਾਕੇ ਵਿੱਚ ਰੈਕੀ ਕੀਤੀ ਗਈ ਸੀ ਅਤੇ ਮੁਲਜ਼ਮ ਮਲਕੀਤ ਸਿੰਘ ਨੇ ਨੈਸ਼ਨਲ ਹਾਈਵੇਅ ’ਤੇ ਸਥਿਤ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਘਰਾਂ ਵਿੱਚ ਲੁੱਟ-ਖੋਹ ਕਰਕੇ ਵੱਧ ਤੋਂ ਵੱਧ ਪੈਸੇ ਹਾਸਲ ਕਰਕੇ ਇੱਥੋਂ ਭੱਜ ਨਿਕਲਣ ਦੀ ਯੋਜਨਾ ਘੜੀ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲੀਸ ਨੇ ਕਾਬੂ ਕਰ ਲਿਆ।