
ਸਰਕਾਰੀ ਹਸਪਤਾਲ ਵਿੱਚ 6 ਮਰੀਜ਼ਾਂ ਦੇ ਗੋਡਿਆਂ ਦੇ ਸਫਲ ਅਪਰੇਸ਼ਨ ਕੀਤੇ
ਕਰੋਨਾ ਮਹਾਮਾਰੀ ਦਾ ਪ੍ਰਕੋਪ ਘਟਣ ਕਾਰਨ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਸਰਜਰੀਆਂ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਹੱਡੀਆਂ ਦੇ ਮਾਹਰ ਡਾਕਟਰ ਸੰਜੀਵ ਕੰਬੋਜ ਵੱਲੋਂ ਪਿਛਲੇ 10 ਦਿਨਾਂ ਵਿੱਚ ਆਯੂਸ਼ਮਾਨ ਸਕੀਮ ਦੇ ਤਹਿਤ ਛੇ ਵਿਅਕਤੀਆਂ ਦੇ ਗੋਡਿਆਂ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ। ਅੱਜ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਇਹ ਸਾਰੇ ਮਰੀਜ਼ ਕਾਫ਼ੀ ਸਮੇਂ ਤੋਂ ਗੋਡਿਆਂ ਦੀ ਸਮੱਸਿਆ ਪੇ੍ਰਸ਼ਾਨ ਸਨ ਅਤੇ ਇਨ੍ਹਾਂ ਸਾਰਿਆਂ ਦਾ ਆਯੂਸ਼ਮਾਨ ਸਕੀਮ ਦੇ ਤਹਿਤ ਮੁਫ਼ਤ ਅਪਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮਰੀਜ਼ ਮੁਹਾਲੀ ਅਤੇ ਆਸਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ।
ਡਾ. ਕੰਬੋਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਹਸਪਤਾਲ ਵਿੱਚ ਅਜਿਹੀਆਂ ਕਈ ਸਰਜਰੀਆਂ ਕੀਤੀਆਂ ਹਨ, ਪ੍ਰੰਤੂ ਕਰੋਨਾ ਮਹਾਮਾਰੀ ਦਾ ਪ੍ਰਕੋਪ ਜ਼ਿਆਦਾ ਵਧਣ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਰਜਰੀਆਂ ਬੰਦ ਕੀਤੀਆਂ ਗਈਆਂ ਸਨ ਲੇਕਿਨ ਹੁਣ ਮਹਾਮਾਰੀ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਦੁਬਾਰਾ ਸਰਜਰੀਆਂ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੀਰ ਕੌਰ (74) ਵਾਸੀ ਪਿੰਡ ਬਾਸੀਆਂ, ਕਰਮਜੀਤ ਕੌਰ (60) ਵਾਸੀ ਚਤਾਮਲਾ, ਹਰਦੀਪ ਕੌਰ (66) ਵਾਸੀ ਕੁੰਭੜਾ, ਕੁਲਦੀਪ ਕੌਰ (55) ਵਾਸੀ ਮੁਹਾਲੀ ਦੀ ਮੁਫ਼ਤ ਸਰਜਰੀ ਕੀਤੀ ਗਈ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਚਾਰ ਹੋਰ ਮਰੀਜ਼ਾਂ ਦੇ ਗੋਡਿਆਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ।