ਪਟਿਆਲਾ ਵਿੱਚ 69ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੁਲੀਸ ਮੈਡਲਾਂ ਨਾਲ 6 ਪੁਲੀਸ ਅਫ਼ਸਰਾਂ ਦਾ ਵਿਸ਼ੇਸ਼ ਸਨਮਾਨ

2 ਅਧਿਕਾਰੀਆਂ ਨੂੰ ਮਿਲੇ ਮੁੱਖ ਮੰਤਰੀ ਰਖ਼ਸ਼ਕ ਪਦਕ, 10 ਅਗਾਂਹਵਧੂ ਕਿਸਾਨਾਂ ਸਮੇਤ 67 ਸ਼ਖ਼ਸੀਅਤਾਂ ਦਾ ਵੀ ਕੀਤਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 26 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪਟਿਆਲਾ ਵਿੱਚ ਮਨਾਏ ਗਏ ਸੂਬਾ ਪੱਧਰੀ ਗਣਤੰਤਰ ਦਿਵਸ ਮੌਕੇ ’ਤੇ ਪੰਜਾਬ ਪੁਲੀਸ ਦੇ 6 ਪੁਲਿਸ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਮੁੱਖ ਮੰਤਰੀ ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ। ਜਦੋਂਕਿ ਦੋ ਪੁਲਿਸ ਮੁਲਾਜਮਾਂ ਨੂੰ ਮੁੱਖ ਮੰਤਰੀ ਰਖ਼ਸ਼ਕ ਪਦਕ ਨਾਲ ਸਨਮਾਨਿਆ ਅਤੇ 10 ਅਗਾਂਹਵਧੂ ਕਿਸਾਨਾਂ ਸਮੇਤ 67 ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ।
ਮੁੱਖ ਮੰਤਰੀ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮਾਣ ਦਿੰਦਿਆਂ ਇਹ ਸਨਮਾਨ ਦਿੱਤਾ। ਉਨ੍ਹਾਂ ਨੇ ਐਸ.ਐਸ.ਪੀ. ਖੰਨਾ ਸ. ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਭੁਪਿੰਦਰ ਸਿੰਘ, ਸਬ ਡਿਵੀਜਨ ਨਾਭਾ ਦੇ ਡੀਐਸਪੀ ਸ੍ਰ. ਚੰਦ ਸਿੰਘ, ਸਟੇਟ ਸਪੈਸ਼ਲ ਉਪਰੇਸ਼ਨ ਸੈਲ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਅਤੇ ਇਲੈਕਸ਼ਨ ਸੈਲ ਚੰਡੀਗੜ੍ਹ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਮੁੱਖ ਮੰਤਰੀ ਪੁਲੀਸ ਮੈਡਲ ਨਾਲ ਸਨਮਾਨਤ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਨੇ ਏਐਸਆਈ (ਲੋਕਲ ਰੈਂਕ) ਸੁਰਜੀਤ ਸਿੰਘ ਅਤੇ ਸਿਪਾਹੀ ਗੁਰਦਾਸ ਸਿੰਘ ਨੂੰ ਮੁੱਖ ਮੰਤਰੀ ਰਖ਼ਸ਼ਕ ਪਦਕ ਨਾਲ ਸਨਮਾਨਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 67 ਹੋਰ ਸ਼ਖ਼ਸੀਅਤਾਂ ਨੂੰ ਮਮੈਂਟੋ ਅਤੇ ਸਰਟੀਫਿਕੇਟ ਦੇ ਕੇ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ’ਚ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਬੀਰਦਲਵਿੰਦਰ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਅਤੇ ਸੁਰਿੰਦਰ ਸਿੰਘ ਪੰਜੋਲਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਜਦੋਂਕਿ ਚਾਰ ਅਗਾਂਹਵਧੂ ਕਿਸਾਨਾਂ, ਹਰਦੀਪ ਸਿੰਘ, ਭਰਪੂਰ ਸਿੰਘ, ਪਰਦੀਪ ਸਿੰਘ ਅਤੇ ਭੁਪਿੰਦਰ ਸਿੰਘ ਸੰਧਾ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦਾ ਰਾਹ ਚੁਣਿਆ ਹੈ, ਦਾ ਵੀ ਸਨਮਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਹੋਰਨਾਂ ਤੋਂ ਇਲਾਵਾ ਉੱਘੇ ਪਥਰਾਟ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ, ਆਰਚਰੀ ਕੋਚ ਜੀਵਨਜੋਤ ਸਿੰਘ ਤੇਜਾ, ਸਾਇਕਲਿਸਟ ਨਮਨ ਕਪਲ, ਆਰਚਰ ਅਮਨਪ੍ਰੀਤ ਕੌਰ ਅਤੇ ਵਿਨਾਇਕ ਵਰਮਾ, ਸ਼ੂਟਰ ਅਸੀਸ ਛੀਨਾ, ਤਲਵਾਰਬਾਜੀ ਖਿਡਾਰਨ ਅਨੱਨਿਆ ਅਤੇ ਘੋੜ ਸਵਾਰ ਵਿਦਿਆਰਥੀ ਜਸ਼ਨਜੀਤ ਸਿੰਘ ਚੀਮਾ ਦਾ ਵੀ ਸਨਮਾਨ ਕੀਤਾ ਅਤੇ ਪਟਿਆਲਾ ਦੇ ਡੀ.ਐਸ.ਪੀ. ਜਾਂਚ ਸੁਖਮਿੰਦਰ ਸਿੰਘ ਚੌਹਾਨ ਦਾ ਵੀ ਸਨਮਾਨ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…